ਲੋਹੀਆਂ ਫਲਾਈਓਵਰ ਨੇੜੇ ਐਕਟਿਵਾ ਤੋਂ ਉਛਲ ਕੇ ਟਰੱਕ ਦੇ ਟਾਇਰ ਹੇਠ ਆਇਆ ਬੱਚਾ
ਜਲੰਧਰ, 22 ਫਰਵਰੀ : ਜ਼ਿਲਾ ਜਲੰਧਰ ਦੇ ਲੋਹੀਆਂ ਇਲਾਕੇ ਵਿਚ ਬਣ ਰਹੇ ਫਲਾਈਓਵਰ ਦੀ ਸਰਵਿਸ ਲੇਨ ਨੇੜੇ ਇੱਕ ਬੇਹੱਦ ਦੁਖਦਾਈ ਹਾਦਸਾ ਵਾਪਰਿਆ, ਜਿਸ ਵਿਚ 5 ਸਾਲਾ ਮਾਸੂਮ ਬੱਚੇ ਗੁਰਜੋਤ ਸਿੰਘ ਦੀ ਮੌਤ ਹੋ ਗਈ। ਇਹ ਹਾਦਸਾ ਸੜਕ ਦੀ ਮਾੜੀ ਹਾਲਤ ਅਤੇ ਇੱਕ ਟੋਏ ਕਾਰਨ ਵਾਪਰਿਆ, ਜਿਸ ਨੇ ਹੱਸਦੇ-ਖੇਡਦੇ ਪਰਿਵਾਰ ਦੀਆਂ ਖ਼ੁਸ਼ੀਆਂ ਮਾਤਮ ਵਿੱਚ ਬਦਲ ਦਿੱਤੀਆਂ।
ਜਾਣਕਾਰੀ ਅਨੁਸਾਰ ਗੁਰਜੋਤ ਸਿੰਘ ਆਪਣੇ ਪਿਤਾ ਸ਼ੀਤਲ ਸਿੰਘ ਨਾਲ ਐਕਟਿਵਾ ‘ਤੇ ਜਾ ਰਿਹਾ ਸੀ। ਰਸਤੇ ਵਿੱਚ ਇੱਕ ਡੂੰਘਾ ਟੋਆ ਆਉਣ ਕਾਰਨ ਐਕਟਿਵਾ ਦਾ ਸੰਤੁਲਨ ਵਿਗੜ ਗਿਆ। ਹਟਕੋਰੇ ਕਾਰਨ ਬੱਚਾ ਉਛਲ ਕੇ ਸੜਕ ‘ਤੇ ਜਾ ਡਿੱਗਿਆ ਅਤੇ ਪਿੱਛੇ ਆ ਰਹੇ ਟਰੱਕ ਦੇ ਅਗਲੇ ਟਾਇਰ ਦੀ ਲਪੇਟ ਵਿੱਚ ਆ ਗਿਆ। ਦੂਜੇ ਪਾਸੇ, ਪਿਤਾ ਸ਼ੀਤਲ ਸਿੰਘ ਸੜਕ ਦੇ ਦੂਜੇ ਪਾਸੇ ਡਿੱਗਣ ਕਾਰਨ ਵਾਲ-ਵਾਲ ਬਚ ਗਏ।
ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ ਬੱਚੇ ਨੂੰ ਟਰੱਕ ਦੇ ਟਾਇਰ ਹੇਠੋਂ ਕੱਢ ਕੇ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮੰਦਭਾਗੀ ਘਟਨਾ ਤੋਂ ਬਾਅਦ ਬੱਚੇ ਦੇ ਜੱਦੀ ਪਿੰਡ ਨਵਾਂ ਪਿੰਡ ਖਾਲੇਵਾਲ ਅਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਟਰੱਕ ਅਤੇ ਉਸ ਦੇ ਚਾਲਕ ਬਾਬੂ ਰਾਮ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਅਨੁਸਾਰ ਟਰੱਕ ਨਾਸਿਕ ਤੋਂ ਜਲੰਧਰ ਜਾ ਰਿਹਾ ਸੀ। ਹਾਲਾਂਕਿ, ਬੱਚੇ ਦੇ ਪਰਿਵਾਰ ਨੇ ਹਾਦਸੇ ਨੂੰ ਰੱਬ ਦਾ ਭਾਣਾ ਮੰਨਦਿਆਂ ਟਰੱਕ ਚਾਲਕ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਹੀ ਅਗਲੇਰੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Read More : ਅੰਤਰਰਾਸ਼ਟਰੀ ਅਸਲਾ ਤਸਕਰ ਗਿਰੋਹ ਦਾ ਪਰਦਾਫਾਸ਼; ‘ਸ਼ੇਰਾ’ ਤੇ ‘ਜੂਪਾ’ ਗ੍ਰਿਫ਼ਤਾਰ
