ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ ਚਲਾਨ ਕੱਟੇ
ਸੰਗਰੂਰ, 21 ਫਰਵਰੀ : ਪੰਜਾਬ ਸਰਕਾਰ ਵਲੋਂ ਸੂਬੇ ’ਚੋਂ ਨਸ਼ੇ ਨੂੰ ਖਤਮ ਕਰਨ ਦੇ ਐਲਾਨ ਤਹਿਤ ਅੱਜ ਪੁਲਸ ਨੇ ਜ਼ਿਲੇ ’ਚ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਬੱਸ ਸਟੈਂਡ ਸੰਗਰੂਰ ਖੇਤਰ ਵਿਖੇ ‘ਕਾਸੋ’ (ਕਾਰਡਨ ਅਤੇ ਸਰਚ ਅਪ੍ਰੇਸ਼ਨ) ਚਲਾਇਆ। ਇਸ ਕਾਰਵਾਈ ਤਹਿਤ 02 ਸ਼ੱਕੀ ਵਿਅਕਤੀ ਕਾਬੂ ਕੀਤੇ ਗਏ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੀਤੇ ਗਏ।
ਇਸ ਬਾਰੇ ਜ਼ਿਲਾ ਪੁਲਸ ਮੁਖੀ ਸਰਤਾਜ ਸਿੰਘ ਚਾਹਲ, ਆਈ. ਪੀ.ਐੱਸ. ਨੇ ਦੱਸਿਆ ਕਿ ਸਥਾਨਕ ਬੱਸ ਸਟੈਂਡ ਅਤੇ ਹੋਰ ਇਲਾਕਿਆਂ ’ਚ ਕੀਤੇ ਕਾਰਡਨ ਅਤੇ ਸਰਚ ਅਪ੍ਰੇਸ਼ਨ ਦਾ ਮਕਸਦ ਸਮਾਜ ਵਿਰੋਧੀ ਤੱਤਾਂ ਅਤੇ ਨਸ਼ਾ ਸਮੱਗਲਰਾਂ ਖ਼ਿਲਾਫ਼ ਲੜਾਈ ਨੂੰ ਤੇਜ਼ ਕਰਨਾ ਅਤੇ ਉਨ੍ਹਾਂ ਨੂੰ ਨੱਥ ਪਾਉਣਾ ਹੈ।
ਉਨ੍ਹਾਂ ਕਿਹਾ ਕਿ ਇਹ ਮੁਹਿੰਮ ਸੰਗਰੂਰ ਪੁਲਸ ਦੀ ਲੋਕਾਂ ਦੀ ਸੁਰੱਖਿਆ ਲਈ ਵਚਨਬੱਧਤਾ ਨੂੰ ਦਰਸਾਉਂਦੀ ਹੈ। ਸੰਗਰੂਰ ਪੁਲਸ ਇਸ ਤਰ੍ਹਾਂ ਦੀਆਂ ਮੁਹਿੰਮਾਂ ਨੂੰ ਜਾਰੀ ਰੱਖੇਗੀ ਤਾਂ ਜੋ ਕਾਨੂੰਨ-ਵਿਵਸਥਾ ਨੂੰ ਬਣਾਈ ਰੱਖਿਆ ਜਾ ਸਕੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਨਸ਼ਾ ਸਮੱਗਲਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਸ ਨੂੰ ਸਹਿਯੋਗ ਦੇਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਰਿਪੋਰਟ ਕਰਨ। ਉਨ੍ਹਾਂ ਨੌਜਵਾਨਾਂ ਨੂੰ ਵੀ ਆਪਣੀ ਜਵਾਨੀ ਨਸ਼ਿਆਂ ’ਚ ਖ਼ਰਾਬ ਨਾ ਕਰਨ ਦੀ ਨਸੀਹਤ ਦਿੱਤੀ।
ਇਸ ਮੌਕੇ ਐੱਸ.ਐੱਚ.ਓ. ਸਿਟੀ ਸੰਗਰੂਰ ਇੰਸਪੈਕਟਰ ਗੁਲਾਬ ਸਿੰਘ, ਐੱਸ.ਐੱਚ.ਓ. ਸਿਟੀ 01 ਸੰਗਰੂਰ ਸਬ ਇੰਸਪੈਕਟਰ ਯੋਗੇਸ਼ ਕੁਮਾਰ, ਏ.ਐੱਸ.ਆਈ. ਕੁਲਵਿੰਦਰ ਕੌਰ ਤੇ ਹੋਰ ਪੁਲਸ ਮੁਲਾਜ਼ਮ ਹਾਜ਼ਰ ਸਨ।
Read More : ਪੰਜਾਬ ਦੇ ਵਿੱਦਿਅਕ ਢਾਂਚੇ ਨੂੰ ‘ਏ.ਆਈ.’ ਤਕਨਾਲੋਜੀ ਨਾਲ ਲੈਸ ਕਰਨ ਲਈ ਹਰਜੋਤ ਬੈਂਸ ਵੱਲੋਂ ਵੱਡੀ ਪਹਿਲ
