ਕਿਲਾ ਰਾਏਪੁਰ ਖੇਡਾਂ

ਕਿਲਾ ਰਾਏਪੁਰ ਖੇਡਾਂ ‘ਚ ਪਹੁੰਚੇ ਮੁੱਖ ਮੰਤਰੀ ; ਬੈਲਗੱਡੀਆਂ ਦੀਆਂ ਦੌੜਾਂ ਨੂੰ ਦੱਸਿਆ ਪੰਜਾਬ ਦੀ ਅਮੀਰ ਵਿਰਾਸਤ

ਖੇਡਾਂ ਨਸ਼ਿਆਂ ਵਿਰੁੱਧ ਸਭ ਤੋਂ ਵੱਡਾ ਹਥਿਆਰ, ਆਉਣ ਵਾਲੇ ਬਜਟ ‘ਚ ਖੇਡਾਂ ਲਈ ਰਾਸ਼ੀ ਵਧਾਉਣ ਦਾ ਐਲਾਨ

ਲੁਧਿਆਣਾ, 20 ਫਰਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਲੁਧਿਆਣਾ ਦੇ ਇਤਿਹਾਸਕ ਕਿਲਾ ਰਾਏਪੁਰ ਪੇਂਡੂ ਓਲੰਪਿਕ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਖੇਡਾਂ ਨਸ਼ਿਆਂ ਦੇ ਖਾਤਮੇ ਲਈ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹਨ। ਉਨ੍ਹਾਂ ਐਲਾਨ ਕੀਤਾ ਕਿ ਆਉਣ ਵਾਲੇ ਪੰਜਾਬ ਬਜਟ ਵਿੱਚ ਖੇਡਾਂ ਲਈ ਵਿਸ਼ੇਸ਼ ਤੌਰ ‘ਤੇ ਰਾਸ਼ੀ ਵਧਾਈ ਜਾਵੇਗੀ ਤਾਂ ਜੋ ਸੂਬੇ ਦੀ ਖੇਡ ਸ਼ਾਨ ਨੂੰ ਮੁੜ ਬਹਾਲ ਕੀਤਾ ਜਾ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਜਿਨ੍ਹਾਂ ਬੈਲਗੱਡੀਆਂ ਦੀਆਂ ਦੌੜਾਂ ਨੂੰ ਬੰਦ ਕਰ ਦਿੱਤਾ ਸੀ, ‘ਆਪ’ ਸਰਕਾਰ ਨੇ ਕਾਨੂੰਨ ਵਿੱਚ ਸੋਧ ਕਰਕੇ ਉਨ੍ਹਾਂ ਨੂੰ ਮੁੜ ਸ਼ੁਰੂ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ 11 ਜੁਲਾਈ, 2025 ਨੂੰ ਵਿਧਾਨ ਸਭਾ ਵਿੱਚ ‘ਜਾਨਵਰਾਂ ‘ਤੇ ਅੱਤਿਆਚਾਰ ਦੀ ਰੋਕਥਾਮ (ਪੰਜਾਬ ਸੋਧ) ਐਕਟ’ ਪਾਸ ਹੋਣ ਨਾਲ 12 ਸਾਲਾਂ ਬਾਅਦ ਇਨ੍ਹਾਂ ਦੌੜਾਂ ਦਾ ਰਾਹ ਪੱਧਰਾ ਹੋਇਆ ਹੈ। ਉਨ੍ਹਾਂ ਕਿਹਾ ਕਿ ਬਲਦ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਦਾ ਅਨਿੱਖੜਵਾਂ ਅੰਗ ਹਨ, ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਕਰਤਾਰਪੁਰ ਸਾਹਿਬ ਵਿਖੇ ਬਲਦਾਂ ਨਾਲ ਖੇਤੀ ਕੀਤੀ ਸੀ।

ਮੁੱਖ ਮੰਤਰੀ ਮਾਨ ਨੇ ‘ਨਵੀਂ ਖੇਡ ਨੀਤੀ 2023’ ਦਾ ਜ਼ਿਕਰ ਕਰਦਿਆਂ ਕਿਹਾ ਕਿ ਹੁਣ ਪੰਜਾਬ ਦੇ ਹਰ ਪਿੰਡ ਵਿੱਚ ਆਧੁਨਿਕ ਸਟੇਡੀਅਮ ਬਣਾਏ ਜਾਣਗੇ। ਉਨ੍ਹਾਂ ਕਿਲਾ ਰਾਏਪੁਰ ਲਈ ਵੱਡੇ ਐਲਾਨ ਕਰਦਿਆਂ ਪਿੰਡ ਦੇ 8 ਏਕੜ ਦੇ ਛੱਪੜ ਨੂੰ ਸੁੰਦਰ ਬਣਾਉਣ ਅਤੇ ਇੱਕ ਆਧੁਨਿਕ ਲਾਇਬ੍ਰੇਰੀ ਸਥਾਪਤ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਨੌਜਵਾਨ ਮੈਦਾਨ ਵਿੱਚ ਪਸੀਨਾ ਵਹਾ ਕੇ ਤਮਗੇ ਜਿੱਤਣਗੇ, ਤਾਂ ਨਸ਼ਾ ਆਪਣੇ ਆਪ ਖਤਮ ਹੋ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਕਿਲਾ ਰਾਏਪੁਰ ਦੀਆਂ ਖੇਡਾਂ ਵਿਸ਼ਵ ਪੱਧਰ ‘ਤੇ ਮਸ਼ਹੂਰ ਹਨ ਅਤੇ ਇਹ ਪੰਜਾਬੀ ਸੱਭਿਆਚਾਰ ਦਾ ਜੀਵੰਤ ਪ੍ਰਤੀਬਿੰਬ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਤੀਜੇ ਸਾਲ ਗਰੇਵਾਲ ਸਟੇਡੀਅਮ ਵਿੱਚ ਇਹ ਓਲੰਪਿਕ ਕਰਵਾ ਰਹੀ ਹੈ, ਜਿੱਥੇ ਕੁਸ਼ਤੀ, ਨਾਚ ਅਤੇ ਗਾਇਕੀ ਰਾਹੀਂ ਪੰਜਾਬ ਦੀ ਵਿਰਾਸਤ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ। ਉਨ੍ਹਾਂ ਦੁਹਰਾਇਆ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਵਰਗੇ ਉਪਰਾਲਿਆਂ ਨਾਲ ਸੂਬੇ ਵਿੱਚ ਖੇਡਾਂ ਦਾ ਮਾਹੌਲ ਸਿਰਜਿਆ ਗਿਆ ਹੈ।

Read More : ਟੀ-20 ਵਿਸ਼ਵ ਕੱਪ 2026 : ਸੁਪਰ-8 ਦੀਆਂ ਟੀਮਾਂ ਤੈਅ ; 21 ਤੋਂ ਸ਼ੁਰੂ ਹੋਵੇਗਾ ਦੂਜਾ ਪੜਾਅ

Leave a Reply

Your email address will not be published. Required fields are marked *