Jalandhar Police

ਡੀਜੀਪੀ ਗੌਰਵ ਯਾਦਵ ਵੱਲੋਂ ਜਲੰਧਰ ‘ਚ ਹਾਈਟੈੱਕ ਏ.ਐੱਨ.ਟੀ.ਐੱਫ. ਭਵਨ ਦਾ ਉਦਘਾਟਨ

ਨਸ਼ਾ ਤਸਕਰਾਂ ‘ਤੇ ਨਕੇਲ ਪਾਉਣ ਲਈ ਕ੍ਰਿਪਟੋਕਰੰਸੀ ਟਰੈਕਿੰਗ ਅਤੇ AI ਤਕਨੀਕ ਨਾਲ ਲੈਸ ਹੋਈ ਪੰਜਾਬ ਪੁਲਿਸ

ਜਲੰਧਰ, 20 ਫਰਵਰੀ : ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਵੀਰਵਾਰ ਨੂੰ ਜਲੰਧਰ ਪੁਲਿਸ ਲਾਈਨਜ਼ ਵਿਖੇ ਨਵੀਂ ਬਣੀ ਅਤਿ-ਆਧੁਨਿਕ ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏ.ਐੱਨ.ਟੀ.ਐੱਫ.) ਜਲੰਧਰ ਰੇਂਜ ਇਮਾਰਤ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸਪੈਸ਼ਲ ਡੀਜੀਪੀ ਏਐਨਟੀਐਫ ਕੁਲਦੀਪ ਸਿੰਘ, ਏਡੀਜੀਪੀ ਨੀਲਭ ਕਿਸ਼ੋਰ ਅਤੇ ਏਡੀਜੀਪੀ ਸਟੇਟ ਆਰਮਡ ਪੁਲਿਸ ਐਮਐਫ ਫਾਰੂਕੀ ਵੀ ਮੌਜੂਦ ਸਨ। ਲਗਭਗ 9,000 ਵਰਗ ਫੁੱਟ ਵਿੱਚ ਫੈਲੀ ਅਤੇ 1.60 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਇਹ ਇਮਾਰਤ ਨਸ਼ਾ ਤਸਕਰੀ ਵਿਰੁੱਧ ਕਾਰਜਸ਼ੀਲ ਕੁਸ਼ਲਤਾ ਵਧਾਉਣ ਲਈ ਬਣਾਈ ਗਈ ਹੈ।

ਡੀਜੀਪੀ ਨੇ ਦੱਸਿਆ ਕਿ ਇਹ ਵਿਸ਼ੇਸ਼ ਯੂਨਿਟ ਮੋਬਾਈਲ ਅਤੇ ਕੰਪਿਊਟਰ ਫੋਰੈਂਸਿਕ ਟੂਲ, ਉੱਨਤ ਡੇਟਾ ਵਿਸ਼ਲੇਸ਼ਣ ਪ੍ਰਣਾਲੀਆਂ ਅਤੇ ਕ੍ਰਿਪਟੋਕਰੰਸੀ ਟਰੈਕਿੰਗ ਵਰਗੀਆਂ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੈ। ਪੰਜਾਬ ਪੁਲਿਸ ਨੇ ਆਪਣੀਆਂ ਤਕਨੀਕੀ ਸਮਰੱਥਾਵਾਂ ਨੂੰ ਪੀ.ਏ.ਆਈ.ਐਸ. 2.0 (PAIS 2.0) ਸਿਸਟਮ ਨਾਲ ਹੋਰ ਅਪਗ੍ਰੇਡ ਕੀਤਾ ਹੈ, ਜਿਸ ਵਿੱਚ 70,000 ਤੋਂ ਵੱਧ ਅਪਰਾਧੀਆਂ ਦੀਆਂ ਆਵਾਜ਼ਾਂ ਦਾ ਡੇਟਾਬੇਸ ਮੌਜੂਦ ਹੈ। ਇਸ ਇਮਾਰਤ ਵਿੱਚ ਗਜ਼ਟਿਡ ਅਧਿਕਾਰੀਆਂ ਲਈ ਦਫ਼ਤਰ, ਜਾਂਚ ਅਧਿਕਾਰੀਆਂ ਲਈ ਕੈਬਿਨ ਅਤੇ ਇੱਕ ਆਧੁਨਿਕ ਕਾਨਫਰੰਸ ਰੂਮ ਵੀ ਬਣਾਇਆ ਗਿਆ ਹੈ।

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਅੰਕੜੇ ਸਾਂਝੇ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ 1 ਮਾਰਚ 2025 ਤੋਂ ਹੁਣ ਤੱਕ ਪੰਜਾਬ ਪੁਲਿਸ ਨੇ 35,133 ਐਫਆਈਆਰ ਦਰਜ ਕਰਕੇ 50,238 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਸ ਦੌਰਾਨ 2229 ਕਿਲੋ ਹੈਰੋਇਨ, 667 ਕਿਲੋ ਅਫੀਮ, 28 ਟਨ ਭੁੱਕੀ, 48.64 ਲੱਖ ਨਸ਼ੀਲੀਆਂ ਗੋਲੀਆਂ ਅਤੇ 16.68 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਵਿਰੁੱਧ ਜਾਣਕਾਰੀ ਸੇਫ ਪੰਜਾਬ ਚੈਟਬੋਟ 97791-00200 ‘ਤੇ ਗੁਪਤ ਰੂਪ ਵਿੱਚ ਦੇ ਸਕਦੇ ਹਨ।

Read More : ਰਾਹੁਲ ਗਾਂਧੀ ਦੀ ਬਰਨਾਲਾ ਰੈਲੀ ਲਈ ਹਰਦਿਆਲ ਕੰਬੋਜ ਇੰਚਾਰਜ ਨਿਯੁਕਤ

Leave a Reply

Your email address will not be published. Required fields are marked *