ਰਾਜਾ ਵੜਿੰਗ ਨੇ ਤਿਆਰੀਆਂ ਲਈ ਤਿੰਨ ਕੋ-ਆਰਡੀਨੇਟਰਾਂ ਦੀਆਂ ਵੀ ਲਗਾਈਆਂ ਡਿਊਟੀਆਂ
ਪਟਿਆਲਾ, 20 ਫਰਵਰੀ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 28 ਫਰਵਰੀ 2026 ਨੂੰ ਬਰਨਾਲਾ ਵਿਖੇ ਹੋਣ ਵਾਲੀ ਵਿਸ਼ਾਲ ਕਾਂਗਰਸ ਰੈਲੀ ਦੀਆਂ ਤਿਆਰੀਆਂ ਨੂੰ ਮੁੱਖ ਰੱਖਦਿਆਂ ਪਾਰਟੀ ਦੇ ਜਨਰਲ ਸਕੱਤਰ ਅਤੇ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੂੰ ‘ਓਵਰਆਲ ਇੰਚਾਰਜ’ ਨਿਯੁਕਤ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਰੈਲੀ ਵਿੱਚ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਜਨਤਾ ਨੂੰ ਸੰਬੋਧਨ ਕਰਨਗੇ।
ਇਹ ਨਿਯੁਕਤੀ ਰਾਹੁਲ ਗਾਂਧੀ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਦੀਆਂ ਹਦਾਇਤਾਂ ‘ਤੇ ਕੀਤੀ ਗਈ ਹੈ, ਜਿਸ ਸਬੰਧੀ ਅੱਜ ਰਸਮੀ ਆਦੇਸ਼ ਜਾਰੀ ਕਰ ਦਿੱਤੇ ਗਏ। ਹਰਦਿਆਲ ਸਿੰਘ ਕੰਬੋਜ ਨੂੰ ਤੁਰੰਤ ਜ਼ਿਲ੍ਹਾ ਕਾਂਗਰਸ ਕਮੇਟੀ ਬਰਨਾਲਾ ਨਾਲ ਤਾਲਮੇਲ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਅਤੇ ਆਉਣ ਵਾਲੇ ਦਿਨਾਂ ਵਿੱਚ ਮੀਟਿੰਗਾਂ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਦੀ ਸਹਾਇਤਾ ਲਈ ਕਮਰਹਰਦੀਪ, ਰਾਜਿੰਦਰ ਦੀਪਾ ਅਤੇ ਸਤਨਾਮ ਸਿੰਘ ਸੱਤਾ ਨੂੰ ਬਤੌਰ ਕੋ-ਆਰਡੀਨੇਟਰ ਤਾਇਨਾਤ ਕੀਤਾ ਗਿਆ ਹੈ।
ਜ਼ਿੰਮੇਵਾਰੀ ਮਿਲਣ ਤੋਂ ਬਾਅਦ ਹਰਦਿਆਲ ਸਿੰਘ ਕੰਬੋਜ ਨੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੌਂਪੀ ਗਈ ਡਿਊਟੀ ‘ਤੇ ਪੂਰੀ ਤਰ੍ਹਾਂ ਖਰਾ ਉਤਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਇੱਕ ਵਾਰ ਫਿਰ ਕਾਂਗਰਸ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ ਅਤੇ ਬਰਨਾਲਾ ਦੀ ਇਹ ਰੈਲੀ ਸੂਬੇ ਦੀ ਸਿਆਸਤ ਵਿੱਚ ਨਵਾਂ ਇਤਿਹਾਸ ਸਿਰਜਦਿਆਂ ਇਕੱਠ ਦੇ ਸਾਰੇ ਰਿਕਾਰਡ ਤੋੜ ਦੇਵੇਗੀ। ਉਨ੍ਹਾਂ ਕਿਹਾ ਕਿ ਲੋਕ ਕਾਂਗਰਸ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਲਗਾਤਾਰ ਜੁੜ ਰਹੇ ਹਨ।
Read More : ਗਰੁੱਪ ਸਟੇਜ ਦੇ ਆਖਰੀ ਮੈਚ ਵਿਚ ਆਸਟ੍ਰੇਲੀਆ ਤੇ ਓਮਾਨ ਵਿਚਾਲੇ ਹੋਵੇਗੀ ਟੱਕਰ ਅੱਜ
