ਸੀ.ਆਈ.ਏ. ਸਟਾਫ਼ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗ੍ਰਿਫ਼ਤਾਰੀ, ਕਰੋੜਾਂ ਰੁਪਏ ਦੱਸੀ ਜਾ ਰਹੀ ਹੈ ਨਸ਼ੇ ਦੀ ਕੀਮਤ
ਫਿਰੋਜ਼ਪੁਰ, 19 ਫਰਵਰੀ : ਸੀ.ਆਈ.ਏ. ਸਟਾਫ਼ ਫਿਰੋਜ਼ਪੁਰ ਦੀ ਪੁਲਸ ਨੇ ਨਸ਼ਾ ਤਸਕਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਸ ਨੇ ਇੰਸਪੈਕਟਰ ਮੋਹਿਤ ਧਵਨ ਦੀ ਅਗਵਾਈ ਹੇਠ ਕਾਰਵਾਈ ਕਰਦਿਆਂ ਇਕ ਨਸ਼ਾ ਸਮੱਗਲਰ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 6 ਕਿਲੋ 38 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਇਸ ਸਬੰਧੀ ਐੱਸ.ਐੱਸ.ਪੀ. ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼ ਦੀ ਪੁਲਸ ਪਾਰਟੀ ਪਿੰਡ ਆਰਿਫ਼ ਕੇ ਦੇ ਇਲਾਕੇ ’ਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਮੱਲਾਂਵਾਲਾ ਰੋਡ ’ਤੇ ਗੁਪਤ ਸੂਚਨਾ ਮਿਲੀ ਕਿ ਸੋਨੂੰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਕਿਲਚੇ (ਹਾਲ ਆਬਾਦ ਪਿੰਡ ਭੰਮਾ ਸਿੰਘ ਵਾਲਾ ਉਤਾੜ), ਜੋ ਕਿ ਹੈਰੋਇਨ ਦੀ ਸਮੱਗਲਿੰਗ ਕਰਦਾ ਹੈ, ਅੱਜ ਹੈਰੋਇਨ ਦੀ ਡਿਲੀਵਰੀ ਦੇਣ ਲਈ ਕੱਚਾ ਬੰਧ ਪਿੰਡ ਅੱਕੂ ਵਾਲਾ ’ਚ ਕਿਸੇ ਦੀ ਉਡੀਕ ਕਰ ਰਿਹਾ ਹੈ।
ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਘੇਰਾਬੰਦੀ ਕਰਕੇ ਸੋਨੂੰ ਸਿੰਘ ਨੂੰ ਕਾਬੂ ਕਰ ਲਿਆ। ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 6 ਕਿਲੋ 38 ਗ੍ਰਾਮ ਹੈਰੋਇਨ ਬਰਾਮਦ ਹੋਈ। ਐੱਸ.ਐੱਸ.ਪੀ. ਨੇ ਖੁਲਾਸਾ ਕੀਤਾ ਕਿ ਇਹ ਹੈਰੋਇਨ ਸਮੱਗਲਰ ਵੱਲੋਂ ਪਾਕਿਸਤਾਨ ਤੋਂ ਮੰਗਵਾਈ ਗਈ ਸੀ।
ਪੁਲਸ ਨੇ ਮੁਲਜ਼ਮ ਖ਼ਿਲਾਫ਼ ਥਾਣਾ ਆਰਿਫ਼ ਕੇ ’ਚ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵੱਲੋਂ ਹੁਣ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਨਸ਼ੇ ਦੀ ਖੇਪ ਦੇ ਤਾਰ ਹੋਰ ਕਿਹੜੇ ਸਮੱਗਲਰਾਂ ਨਾਲ ਜੁੜੇ ਹੋਏ ਹਨ।
Read More : ਕੇਂਦਰ ਵੱਲੋਂ ਪੰਜਾਬ ਨੂੰ ਵੱਡੀ ਸੌਗਾਤ: ਟ੍ਰਾਈਸਿਟੀ ਰਿੰਗ ਰੋਡ ਪ੍ਰੋਜੈਕਟ ਲਈ 1,463.95 ਕਰੋੜ ਮਨਜ਼ੂਰ
