ਮੁਕਾਬਲਾ

ਬਠਿੰਡਾ ਦੇ ਮਾਲ ਰੋਡ ’ਤੇ ਪੁਲਸ ਤੇ ਲੁਟੇਰਿਆਂ ਵਿਚਾਲੇ ਮੁਕਾਬਲਾ, 5 ਕਾਬੂ

ਜਵਾਬੀ ਕਾਰਵਾਈ ’ਚ ਇੱਕ ਬਦਮਾਸ਼ ਦੀ ਲੱਤ ’ਚ ਲੱਗੀ ਗੋਲੀ, ਰੇਲਵੇ ਸਟੇਸ਼ਨ ਦੇ ਯਾਤਰੀਆਂ ਨੂੰ ਬਣਾਉਂਦੇ ਸਨ ਨਿਸ਼ਾਨਾ

ਬਠਿੰਡਾ, 17 ਫਰਵਰੀ : ਬਠਿੰਡਾ ਦੇ ਮਾਲ ਰੋਡ ’ਤੇ ਅੱਜ ਤੜਕਸਾਰ ਕਰੀਬ 6 ਵਜੇ ਪੁਲਸ ਅਤੇ ਲੁਟੇਰਿਆਂ ਦੇ ਇਕ ਗਿਰੋਹ ਵਿਚਾਲੇ ਹੋਏ ਮੁਕਾਬਲੇ ’ਚ ਇਕ ਬਦਮਾਸ਼ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ, ਜਦਕਿ ਉਸ ਦੇ 4 ਹੋਰ ਸਾਥੀਆਂ ਨੂੰ ਪੁਲਸ ਨੇ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ। ਜ਼ਖ਼ਮੀ ਬਦਮਾਸ਼ ਨੂੰ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਇਹ ਮੁਲਜ਼ਮ ਰੇਲਵੇ ਰੋਡ ਇਲਾਕੇ ’ਚ ਰਾਹਗੀਰਾਂ ਤੋਂ ਹਥਿਆਰਾਂ ਦੀ ਨੋਕ ’ਤੇ ਲੁੱਟ-ਖੋਹ ਅਤੇ ਨਸ਼ਾ ਤਸਕਰੀ ਕਰਦੇ ਸਨ।

ਐੱਸ.ਪੀ. ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਰੇਲਵੇ ਰੋਡ ’ਤੇ ਲੁੱਟ ਅਤੇ ਨਸ਼ਾ ਤਸਕਰੀ ਦੀਆਂ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਥਾਣਾ ਕੋਤਵਾਲੀ ਦੇ ਇੰਸਪੈਕਟਰ ਪਰਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਫਾਇਰ ਬ੍ਰਿਗੇਡ ਚੌਕ ਨੇੜੇ ਗਸ਼ਤ ’ਤੇ ਸੀ। ਇਸ ਦੌਰਾਨ ਸੂਚਨਾ ਮਿਲੀ ਕਿ ਕੁਝ ਨੌਜਵਾਨ ਰੇਲਵੇ ਸਟੇਸ਼ਨ ਤੋਂ ਉਤਰਨ ਵਾਲੇ ਯਾਤਰੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਇਸ ਵੇਲੇ ਮਾਲ ਰੋਡ ’ਤੇ ਸਥਿਤ ਪਰਲਜ਼ ਕੰਪਨੀ ਦੀ ਖ਼ਾਲੀ ਇਮਾਰਤ ’ਚ ਲੁਕੇ ਹੋਏ ਹਨ।

ਜਦੋਂ ਪੁਲਸ ਨੇ ਇਸ ਖੰਡਰ ਇਮਾਰਤ ’ਚ ਛਾਪੇਮਾਰੀ ਕੀਤੀ ਤਾਂ ਅੰਦਰ ਮੌਜੂਦ ਨੀਰਜ ਸ਼ਰਮਾ ਉਰਫ਼ ਕਾਲੂ ਨੇ ਪੁਲਸ ਪਾਰਟੀ ’ਤੇ ਜਾਨੋਂ ਮਾਰਨ ਦੀ ਨੀਅਤ ਨਾਲ ਫਾਇਰਿੰਗ ਕਰ ਦਿੱਤੀ। ਪੁਲਸ ਵੱਲੋਂ ਕੀਤੀ ਜਵਾਬੀ ਕਾਰਵਾਈ ’ਚ ਨੀਰਜ ਦੀ ਖੱਬੀ ਲੱਤ ’ਚ ਗੋਲੀ ਲੱਗੀ। ਪੁਲਸ ਨੇ ਮੌਕੇ ਤੋਂ ਉਸ ਦੇ ਭਰਾ ਘੋਟਾ ਸਮੇਤ ਕਰਨ, ਰਾਹੁਲ ਅਤੇ ਵਿਕਰਮਜੀਤ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਸ ਰਿਕਾਰਡ ਅਨੁਸਾਰ ਨੀਰਜ ਕਾਲੂ ਅਤੇ ਘੋਟਾ ’ਤੇ ਪਹਿਲਾਂ ਹੀ ਵੱਖ-ਵੱਖ ਥਾਣਿਆਂ ’ਚ 7-7 ਅਪਰਾਧਿਕ ਮਾਮਲੇ ਦਰਜ ਹਨ। ਕਰਨ ਅਤੇ ਵਿਕਰਮਜੀਤ ’ਤੇ ਵੀ 2-2 ਕੇਸ ਦਰਜ ਹਨ। ਐੱਸ.ਪੀ. ਸਿਟੀ ਨੇ ਸਪੱਸ਼ਟ ਕੀਤਾ ਕਿ ਇਸੇ ਇਲਾਕੇ ’ਚ ਨਸ਼ਾ ਵੇਚਣ ਦੀ ਵਾਇਰਲ ਹੋਈ ਵੀਡੀਓ ਇਕ ਵੱਖਰਾ ਮਾਮਲਾ ਹੈ, ਜਿਸ ’ਚ ਪੁਲਸ ਨੇ 7 ਹੋਰ ਵਿਅਕਤੀਆਂ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

Read More : ਧੀ ਨਾਲ ਜਬਰ-ਜ਼ਨਾਹ ਕਰਨ ਵਾਲੇ ਪਿਓ 20 ਸਾਲ ਦੀ ਸਜਾ

Leave a Reply

Your email address will not be published. Required fields are marked *