ਸੰਗਤਾਂ ਦੀ ਆਮਦ ਦੇ ਮੱਦੇਨਜ਼ਰ ਟਾਸਕ ਫੋਰਸ ਅਤੇ ਸੀ. ਸੀ. ਟੀ. ਵੀ. ਕੈਮਰੇ ਰੱਖਣਗੇ ਨਜ਼ਰ : ਮੈਨੇਜਰ
- ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦੀ ਆਮਦ ਦੇ ਮੱਦੇਨਜ਼ਰ ਜਾਰੀ ਹੋਵੇਗੀ ਐਡਵਾਈਜ਼ਰੀ : ਡੀ. ਐੱਸ. ਪੀ.
ਪਟਿਆਲਾ, 19 ਜਨਵਰੀ : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦੂਖ ਨਿਵਾਰਣ ਸਾਹਿਬ ਵਿਖੇ ਬਸੰਤ ਪੰਚਮੀ ਦਾ ਸਾਲਾਨਾ ਜੋੜ ਮੇਲ ਹਰ ਸਾਲ ਦੀ ਤਰ੍ਹਾਂ ਮਨਾਏ ਜਾਣ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿਆਰੀਆਂ ਚੱਲ ਰਹੀਆਂ ਹਨ। ਇਸ ਤਹਿਤ ਅੱਜ ਗੁਰਦੁਆਰਾ ਸ੍ਰੀ ਦੂਖ ਨਿਵਾਰਣ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕਾਂ ਅਤੇ ਟਰੈਫਿਕ ਵਿਭਾਗ ਦੇੇ ਅਧਿਕਾਰੀਆਂ ਨਾਲ ਸਾਂਝੀ ਇਕੱਤਰਤਾ ਕਰ ਕੇ ਰੂਪ-ਰੇਖਾ ਉਲੀਕੀ ਗਈ।
ਗੁਰਦੁਆਰਾ ਪ੍ਰਬੰਧਕ ਮੈਨੇਜਰ ਭਾਗ ਸਿੰਘ, ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਦੀ ਅਗਵਾਈ ਹੇਠ ਅੱਜ ਟਰੈਫਿਕ ਵਿਭਾਗ ਦੇ ਉੱਚ ਅਧਿਕਾਰੀਆਂ, ਜਿਨਾਂ ’ਚ ਡੀ. ਐੱਸ. ਪੀ. ਪੁਨੀਤ ਸਿੰਘ ਚਹਿਲ, ਟਰੈਫਿਕ ਇੰਚਾਰਜ ਜਗਵਿੰਦਰ ਸਿੰਘ, ਸਰਬਜੀਤ ਸਿੰਘ ਖਹਿਰਾ ਤੋਂ ਇਲਾਵਾ ਥਾਣਾ ਅਨਾਜ ਮੰਡੀ ਤੇ ਥਾਣਾ ਤ੍ਰਿਪੜੀ ਦੇ ਪੁਲਸ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਅੱਜ ਦੀਰਘ ਵਿਚਾਰਾਂ ਦੌਰਾਨ ਗੁਰਦੁਆਰਾ ਪ੍ਰਬੰਧਕਾਂ ਨੇ ਪੁਲਸ ਅਧਿਕਾਰੀਆਂ ਨੂੰ ਦੱਸਿਆ ਕਿ ਬਸੰਤ ਪੰਚਮੀ ਦੇ ਸਾਲਾਨਾ ਜੋੜ ਦੌਰਾਨ ਲੱਖਾਂ ਦੀ ਗਿਣਤੀ ’ਚ ਸੰਗਤਾਂ ਗੁਰੂ ਘਰ ਨਤਮਸਤਕ ਹੋਣ ਪੁੱਜਦੀਆਂ ਹਨ ਅਤੇ ਟਰੈਫਿਕ ਨੂੰ ਸੁਚਾਰੂ ਰੱਖਣ ਲਈ ਯੋਗ ਪ੍ਰਬੰਧ ਕੀਤੇ ਜਾਣ।
ਇਸ ਦੌਰਾਨ ਮੌਜੂਦ ਡੀ. ਐੱਸ. ਪੀ. ਪੁਨੀਤ ਸਿੰਘ ਚਹਿਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਟਰੈਫਿਕ ਅਧਿਕਾਰੀ ਤਾਇਨਾਤ ਕੀਤੇ ਜਾਣਗੇ, ਉੱਥੇ ਹੀ ਕੁਝ ਅਜਿਹੀਆਂ ਨਿਰਧਾਰਿਤ ਥਾਵਾਂ ਨੂੰ ਵੀ ਚੁਣਿਆ ਗਿਆ, ਜਿਥੇ ਦੂਰ-ਦੁਰਾਡੇ ਤੋਂ ਆਉਣ ਵਾਲੀਆਂ ਸੰਗਤਾਂ ਆਪਣੇ ਵ੍ਹੀਕਲਾਂ ਨੂੰ ਅਜਿਹੀ ਥਾਂ ’ਤੇ ਖੜਾ ਸਕਣ ਤਾਂ ਜੋ ਟਰੈਫਿਕ ਜਾਮ ਤੋਂ ਮੁਕਤੀ ਮਿਲ ਸਕੇ।
ਮੈਨੇਜਰ ਭਾਗ ਸਿੰਘ ਅਤੇ ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਦੱਸਿੋਆ ਕਿ ਜਿੱਥੇ ਟਰੈਫਿਕ ਅਧਿਕਾਰੀ ਆਪੋ-ਆਪਣੀਆਂ ਡਿਊਟੀਆਂ ਦੇਣਗੇ, ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਟਾਸਕ ਫੋਰਸ ਵੀ ਲਾਈ ਜਾਵੇਗੀ ਅਤੇ ਗੁਰਦੁਆਰਾ ਕੰਪਲੈਕਸ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਹਰ ਜਗ੍ਹਾ ’ਤੇ ਨਿਗ੍ਹਾ ਰੱਖੀ ਜਾਵੇਗੀ।
ਇਕੱਤਰਤਾ ਦੌਰਾਨ ਡੀ. ਐੱਸ. ਪੀ. ਪੁਨੀਤ ਸਿੰਘ ਚਹਿਲ ਨੇ ਦੱਸਿਆ ਕਿ ਬਸੰਤ ਪੰਚਮੀ ਦੇ ਜੋੜ ਮੇਲ ਮੌਕੇ ਸੰਗਤਾਂ ਦੀ ਵੱਡੀ ਆਮਦ ਨੂੰ ਵੇਖਦਿਆਂ ਟਰੈਫਿਕ ਦੇ ਸੁਚਾਰੂ ਪ੍ਰਬੰਧਾਂ ’ਚ ਵਾਹਨਾਂ ਨੂੰ ਢੁਕਵੀਂ ਥਾਂ ਦੇਣ ਲਈਆਂ ਅਜਿਹੀਆਂ ਥਾਵਾਂ ਜਿਨ੍ਹਾਂ ਵਿਚ ਪਾਰਕਿੰਗ ਲਈ ਵੀਰ ਹਕੀਕਤ ਗਰਾਊਂਡ ਰਾਜਪੁਰਾ ਕਾਲੋਨੀ, ਪੁਰਾਣਾ ਬੱਸ ਅੱਡਾ, ਅਨਾਜ ਮੰਡੀ, ਪੁੱਡਾ ਗਰਾਊਂਡ ਨੇੜੇ ਦੂਖ ਨਿਵਾਰਣ ਸਾਹਿਬ, ਛੋਟੀ ਬਰਾਦਰੀ, ਬੀ. ਐੱਨ. ਖਾਲਸਾ ਸਕੂਲ ਦੀ ਚੋਣ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਜਿੱਥੇ-ਜਿੱਥੇ ਵੀ ਪਾਰਕਿੰਗ ਲਈ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ, ਉੱਥੇ ਹੌਰਡਿੰਗਜ਼ ਅਤੇ ਫਲੈਕਸ ਬੋਰਡ ਰਾਹੀਂ ਸੰਗਤਾਂ ਨੂੰ ਦੱਸਿਆ ਜਾਵੇਗਾ ਕਿ ਉਹ ਵੱਖ-ਵੱਖ ਥਾਵਾਂ ’ਤੇ ਆਪਣੇ ਵਾਹਨ ਖੜ੍ਹਾ ਕਰਨ ਅਤੇ ਕਿਸੇ ਵੀ ਤਰ੍ਹਾਂ ਨਾਲ ਵੀ. ਆਈ. ਪੀ. ਪਾਰਕਿੰਗ ਸਹੂਲਤ ਨਹੀਂ ਰੱਖੀ ਜਾਵੇਗੀ। ਉਨ੍ਹਾਂ ਟਰੈਫਿਕ ਅਧਿਕਾਰੀਆਂ ਦਾ ਅਜਿਹਾ ਸਹਿਯੋਗ ਕਰਨ ਲਈ ਧੰਨਵਾਦ ਵੀ ਕੀਤਾ।
ਇਸ ਮੌਕੇ ਲੰਗਰ ਇੰਚਾਰਜ ਮਲਾਗਰ ਸਿੰਘ, ਰਿਕਾਰਡ ਇੰਚਾਰਜ ਸਰਬਜੀਤ ਸਿੰਘ, ਭਾਈ ਹਜ਼ੂਰ ਸਿੰਘ, ਭਾਈ ਮਨਜੀਤ ਸਿੰਘ ਪਵਾਰ, ਸੁਖਦੇਵ ਸਿੰਘ ਕਾਹਲਵਾਂ, ਜਥੇ. ਸੁਖਜੀਤ ਸਿੰਘ ਬਘੌਰਾ ਆਦਿ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਅਧਿਕਾਰੀ ਤੇ ਸਟਾਫ ਮੈਂਬਰ ਆਦਿ ਸ਼ਾਮਲ ਸਨ।
Read More : ਪੁਲਸ ਤੇ ਬਦਮਾਸ਼ਾਂ ਵਿਚਾਲੇ ਗੋਲੀਬਾਰੀ, ਭਗੌੜਾ ਮੰਡ ਸਾਥੀ ਸਮੇਤ ਕਾਬੂ
