ਸੰਗਰੂਰ, 17 ਜਨਵਰੀ : ਜ਼ਿਲਾ ਸੰਗਰੂਰ ਦੇ ਕਸਬਾ ਸੂਲਰ ਘਰਾਟ ਨਜ਼ਦੀਕ ਨਹਿਰ ਕੰਢੇ ਬਣੀ ਸੜਕ ’ਤੇ ਅੱਜ ਸਵੇਰੇ ਇਕ ਸਵਿਫਟ ਕਾਰ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ ਕਾਰ ’ਚ ਸਵਾਰ ਮਾਂ-ਧੀ ਦੀ ਬੁਰੀ ਤਰ੍ਹਾਂ ਸੜ ਜਾਣ ਕਾਰਨ ਮੌਤ ਹੋ ਗਈ। ਮ੍ਰਿਤਕ ਮਹਿਲਾ ਦੀ ਪਛਾਣ ਸਰਬਜੀਤ ਕੌਰ (35) ਵਜੋਂ ਹੋਈ ਹੈ, ਜੋ ਕਿ ਪੰਜਾਬ ਪੁਲਸ ’ਚ ਮੁਲਾਜ਼ਮ ਸੀ ਜਦਕਿ ਦੂਜੀ ਔਰਤ ਉਸ ਦੀ ਮਾਂ ਸੀ ਜੋ ਕਿ ਪਿੰਡ ਮੌੜਾਂ ਦੀਆਂ ਰਹਿਣ ਵਾਲੀਆਂ ਸਨ।
ਥਾਣਾ ਮੁਖੀ ਦਿੜ੍ਹਬਾ ਇੰਸਪੈਕਟਰ ਕਮਲਦੀਪ ਸਿੰਘ ਨੇ ਦੱਸਿਆ ਕਿ ਸਰਬਜੀਤ ਕੌਰ ਆਪਣੀ ਮਾਤਾ ਨਾਲ ਅੱਜ ਸਵੇਰੇ ਆਪਣੀ ਰਿਸ਼ਤੇਦਾਰੀ ’ਚ ਪਿੰਡ ਭਾਈ ਕੀ ਪਿਸ਼ੌਰ ਜਾ ਰਹੀ ਸੀ, ਜਦੋਂ ਰਸਤੇ ’ਚ ਇਹ ਹਾਦਸਾ ਵਾਪਰ ਗਿਆ। ਹਾਲਾਂਕਿ ਹਾਦਸੇ ਦੇ ਸਹੀ ਸਮੇਂ ਬਾਰੇ ਅਜੇ ਪੁਖਤਾ ਜਾਣਕਾਰੀ ਨਹੀਂ ਹੈ, ਇਸ ਘਟਨਾ ਬਾਰੇ ਸਵੇਰੇ 7 ਵਜੇ ਦੇ ਕਰੀਬ ਪਤਾ ਲੱਗਿਆ, ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਸ ਨੂੰ ਸੂਚਿਤ ਕੀਤਾ।
ਹਾਦਸਾ ਇੰਨਾ ਭਿਆਨਕ ਸੀ ਕਿ ਸਵਿਫਟ ਗੱਡੀ ਬੁਰੀ ਤਰ੍ਹਾਂ ਸੜ ਚੁੱਕੀ ਸੀ ਅਤੇ ਗੱਡੀ ਦਾ ਨੰਬਰ ਪਛਾਣਨਾ ਵੀ ਮੁਸ਼ਕਿਲ ਸੀ। ਪੁਲਸ ਨੇ ਗੱਡੀ ਦੇ ਚਾਂਸੀ ਨੰਬਰ ਤੋਂ ਵੇਰਵੇ ਹਾਸਲ ਕਰ ਕੇ ਮ੍ਰਿਤਕਾਂ ਦੀ ਸ਼ਨਾਖਤ ਕੀਤੀ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਲਈ ਫੋਰੈਂਸਿਕ ਟੀਮਾਂ ਦੀ ਮਦਦ ਲਈ ਜਾ ਰਹੀ ਹੈ ਅਤੇ ਆਸ-ਪਾਸ ਦੇ ਸੀ.ਸੀ.ਟੀ.ਵੀ. ਕੈਮਰੇ ਵੀ ਖੰਗਾਲੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸਰਬਜੀਤ ਕੌਰ ਦਾ ਭਰਾ ਵੀ ਪੰਜਾਬ ਪੁਲਸ ’ਚ ਸੇਵਾ ਨਿਭਾ ਰਿਹਾ ਹੈ।
Read More : ਟਰੱਕ ਨਾਲ ਟਕਰਾਇਆ ਬੁਲਟ-ਮੋਟਰਸਾਈਕਲ, 2 ਨੌਜਵਾਨਾਂ ਦੀ ਮੌਤ
