ਪੁਲਸ ਨੇ ਬਹੁਤ ਜੱਦੋ-ਜਹਿਦ ਤੋਂ ਬਾਅਦ ਮੁਲਜ਼ਮਾਂ ਨੂੰ ਕੀਤਾ ਕਾਬੂ
ਅੰਮ੍ਰਿਤਸਰ, 13 ਜਨਵਰੀ : ਅੱਜ ਸਵੇਰੇ ਥਾਣਾ ਝੰਡੇਰ ਦੀ ਪੁਲਸ ਨੂੰ ਉਸ ਵਕਤ ਹੱਥਾਂ-ਪੈਰਾਂ ਦੀ ਪੈ ਗਈ ਜਦੋਂ ਫਿਲਮੀ ਅੰਦਾਜ਼ ’ਚ ਰਾਣੀ ਕਾ ਬਾਗ ਅੰਮ੍ਰਿਤਸਰ ਨੇੜੇ ਤਿੰਨ ਮੁਲਜ਼ਮਾਂ ਨੇ ਬੜੀ ਚਲਾਕੀ ਨਾਲ ਪੁਲਸ ਦੀ ਸਰਕਾਰੀ ਸਕਾਰਪੀਓ ਗੱਡੀ, ਜਿਸ ਦੀ ਪੁਲਸ ਵਾਲੇ ਚਾਬੀ ਕੱਢਣਾ ਭੁੱਲ ਗਏ ਸਨ, ਨੂੰ ਸਟਾਰਟ ਕੀਤਾ ਤੇ ਰਫੂ-ਚੱਕਰ ਹੋ ਗਏ।
ਇਸੇ ਦੌਰਾਨ ਉਨ੍ਹਾਂ ਦੀ ਅੱਗੇ ਜਾ ਰਹੀ ਇਕ ਇਨੋਵਾ ਗੱਡੀ ਨਾਲ ਟੱਕਰ ਹੋ ਗਈ, ਜਿਸ ਕਾਰਨ ਗੱਡੀ ਦੀ ਰਫਤਾਰ ਘਟ ਗਈ ਤੇ ਇਸ ਦੌਰਾਨ ਪਿੱਛਾ ਕਰ ਰਹੀ ਪੁਲਸ ਨੇ ਜੱਦੋ-ਜਹਿਦ ਤੋਂ ਬਾਅਦ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਟੱਕਰ ਹੋ ਜਾਣ ਕਰ ਕੇ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਟੁੱਟ ਗਈਆਂ, ਜਦ ਕਿ ਉਕਤ ਮੁਲਜ਼ਮਾਂ ਖਿਲਾਫ਼ ਥਾਣਾ ਕੈਂਟ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਓਧਰ ਥਾਣਾ ਝੰਡੇਰ ਦੇ ਐੱਸ. ਐੱਚ. ਓ. ਮਨਜੀਤ ਸਿੰਘ ਨੇ ਇਸ ਘਟਨਾ ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਦੱਸਿਆ ਕਿ ਅਸਲ ’ਚ ਬਲਰਾਜ ਸਿੰਘ ਰਾਜਾ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਚੇਤਨਪੁਰਾ, ਆਕਾਸ਼ਦੀਪ ਸਿੰਘ ਪੁੱਤਰ ਗੁਰਵੇਲ ਸਿੰਘ ਵਾਸੀ ਪਿੰਡ ਕੰਦੋਵਾਲੀ ਅਤੇ ਜਰਨੈਲ ਸਿੰਘ ਕਾਲਾ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਚੇਤਨਪੁਰਾ ਨੂੰ ਪੁਲਸ ਵੱਲੋਂ 20 ਗ੍ਰਾਮ ਹੈਰੋਇਨ ਤੇ 700 ਰੁਪਏ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ ਸੀ। ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਜੇਲ ਛੱਡਣ ਲਈ ਲੈ ਕੇ ਜਾਇਆ ਜਾ ਰਿਹਾ ਸੀ ਕਿ ਰਾਣੀ ਕਾ ਬਾਗ ਕਚਹਿਰੀ ਨੇੜੇ ਉਕਤ ਮੁਲਜ਼ਮਾਂ, ਜੋ ਕਿ ਨਸ਼ਾ ਕਰਨ ਦੇ ਆਦੀ ਸਨ, ਨੇ ਭੱਜਣ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਡਰਾਈਵਰ ਨਾਲ ਉਨ੍ਹਾਂ ਦੀ ਹੱਥੋਂ-ਪਾਈ ਹੋਈ ਤੇ ਸਕਾਰਪੀਓ ਗੱਡੀ ਦਾ ਸਟੇਰਿੰਗ ਡੋਲਣ ਨਾਲ ਗੱਡੀ ਅੱਗੇ ਖੜ੍ਹੀ ਇਨੋਵਾ ਅਤੇ ਡਿਵਾਈਡਰ ’ਚ ਵੱਜ ਗਈ। ਉਨ੍ਹਾਂ ਅੱਗੇ ਦੱਸਿਆ ਕਿ ਬਾਅਦ ’ਚ ਉਕਤ ਤਿੰਨਾਂ ਮੁਲਜ਼ਮਾਂ ਨੂੰ ਕਿਸੇ ਹੋਰ ਵਾਹਨ ਰਾਹੀਂ ਜੇਲ ’ਚ ਭੇਜ ਦਿੱਤਾ ਗਿਆ ਹੈ।
Read More : ਗੁਰੂ ਤੇਗ ਬਹਾਦਰ ਖਾਲਸਾ ਕਾਲਜ ’ਚ ਗੁਰਮੁਖੀ ਲਿਪੀ ਦੇ ਖੋਜ ਕੇਂਦਰ ਦਾ ਰੱਖਿਆ ਨੀਂਹ ਪੱਥਰ
