ਮਿਲਾਨ ਇਟਲੀ, 13 ਜਨਵਰੀ : ਰੋਮ ਦੇ ਨਾਲ ਲੱਗਦੇ ਕਸਬਾ ਲਾਦੀਸਪੋਲੀ ਵਿਖੇ ਰਹਿੰਦੇ ਭਾਰਤੀਆਂ ਵੱਲੋਂ ਲੋਹੜੀ ਦੇ ਤਿਉਹਾਰ ਨੂੰ ਬੜੇ ਹੀ ਚਾਵਾਂ ਨਾਲ ਮਨਾਇਆ ਗਿਆ। ਦੱਸਣਯੋਗ ਹੈ ਕਿ ਪਿਛਲੇ ਤਿੰਨ ਸਾਲਾਂ ਤੋਂ ਲੋਹੜੀ ਦੇ ਤਿਉਹਾਰ ਦੇ ਮੱਦੇਨਜ਼ਰ ਇਸ ਸਮੁੰਦਰੀ ਕੰਢੇ ’ਤੇ ਵਸਦੇ ਸ਼ਹਿਰ ਵਿਚ ਹਰ ਸਾਲ ਲੋਹੜੀ ਦਾ ਪ੍ਰੋਗਰਾਮ ਕਰਵਾਇਆ ਜਾਂਦਾ ਹੈ, ਜਿਸ ਵਿਚ ਬਹੁਤ ਸਾਰੇ ਭਾਰਤੀਆਂ ਦੇ ਨਾਲ-ਨਾਲ ਸਥਾਨਕ ਇਟਾਲੀਅਨ ਗੋਰੇ ਵੀ ਹਿੱਸਾ ਲੈਂਦੇ ਹਨ ਅਤੇ ਮੂੰਗਫਲੀ-ਰਿਓੜੀਆਂ ਵੰਡ ਕੇ ਇਕ-ਦੂਜੇ ਦੇ ਨਾਲ ਖੁਸ਼ੀ ਸਾਂਝੀ ਕਰਦੇ ਹਨ।
ਇਸ ਸਾਲ ਵੀ ਸਥਾਨਕ ਭਾਰਤੀਆਂ ਵੱਲੋਂ ਅਣਮੁੱਲਾ ਯੋਗਦਾਨ ਪਾਉਂਦਿਆਂ ਲੋਹੜੀ ਦਾ ਤਿਉਹਾਰ ਸਫਲਤਾ ਪੂਰਵਕ ਤਰੀਕੇ ਨਾਲ ਕਰਵਾਉਣ ਲਈ ਯੋਗਦਾਨ ਪਾਇਆ ਗਿਆ। ਇਸ ਮੌਕੇ ਜਿੱਥੇ ਗਿੱਧੇ ਦੇ ਨਾਲ ਔਰਤਾਂ ਵੱਲੋਂ ਪੇਸ਼ਕਾਰੀ ਕੀਤੀ ਗਈ, ਉੱਥੇ ਛੋਟੇ-ਛੋਟੇ ਬੱਚਿਆਂ ਵੱਲੋਂ ਪੰਜਾਬੀ ਗੀਤਾਂ ’ਤੇ ਭੰਗੜਾ ਪਾਇਆ ਗਿਆ।
ਉਲੀਕੇ ਗਏ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਲਈ ਪਿਛਲੇ ਕਈ ਦਿਨਾਂ ਤੋਂ ਸਥਾਨਕ ਔਰਤਾਂ ਵੱਲੋਂ ਰਲ਼-ਮਿਲ ਕੇ ਸਾਂਝੇ ਤੌਰ ’ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ, ਜਿਨ੍ਹਾਂ ਵਿਚ ਅਲਵਿੰਦਰ ਕੌਰ ਵਿਰਕ, ਰੀਟਾ ਕੁਮਾਰ ਅਤੇ ਰਛਪਾਲ ਕੌਰ ਦੇ ਨਾਂ ਜ਼ਿਕਰਯੋਗ ਹਨ।
Read More : ਮਕਰ ਸੰਕ੍ਰਾਂਤੀ ’ਤੇ ਖੁੱਲ੍ਹਣਗੇ ਪੁਰਾਣੀ ਗੁਫਾ ਦੇ ਕਿਵਾੜ
