ਰੇਸਕਿਊ ਟੀਮ ਨੇ ਸਖ਼ਤ ਮੁਸ਼ੱਕਤ ਤੋਂ ਬਾਅਦ ਜ਼ਖਮੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ
ਅੰਮ੍ਰਿਤਸਰ, 7 ਜਨਵਰੀ : ਅੰਮ੍ਰਿਤਸਰ ਸ਼ਹਿਰ ਵਿਚ ਇਕ ਵੱਡਾ ਹਾਦਸਾ ਵਾਪਰਿਆ ਗਿਆ, ਜਿਥੇ ਬੁੱਧਵਾਰ ਦੁਪਹਿਰ ਸਮੇ ਸੁਲਤਾਨਵਿੰਡ ਰੋਡ ਸਥਿਤ ਟਾਲੀ ਵਾਲਾ ਚੌਕ, ਗਲੀ ਨੰਬਰ 9 ਵਿਚ ਇਕ ਨਿਰਮਾਣ ਅਧੀਨ ਮਕਾਨ ਦੀ ਚੌਥੀ ਮੰਜ਼ਿਲ ਦਾ ਲੈਂਟਰ ਅਚਾਨਕ ਹੇਠਾਂ ਡਿੱਗ ਗਿਆ, ਜਿਸ ਕਾਰਨ ਹੇਠਾਂ ਕੰਮ ਕਰ ਰਹੇ ਇਕ ਮਿਸਤਰੀ ਅਤੇ 2 ਮਜ਼ਦੂਰ ਮਲਬੇ ਹੇਠ ਦੱਬ ਗਏ। ਇਸ ਤੋਂ ਬਾਅਦ ਇਲਾਕੇ ਵਿਚ ਅਫ਼ਰਾ-ਤਫ਼ਰੀ ਮਚ ਗਈ।
ਚਸ਼ਮਦੀਦਾਂ ਅਨੁਸਾਰ ਚੌਥੀ ਮੰਜ਼ਿਲ ’ਤੇ ਕੰਮ ਕਰ ਰਹੀ ਲੇਬਰ ਨੂੰ ਪਹਿਲਾਂ ਹਲਕੀ ਜਿਹੀ ਆਵਾਜ਼ ਸੁਣਾਈ ਦਿੱਤੀ, ਜਿਸ ਕਾਰਨ ਕੁਝ ਮਜ਼ਦੂਰ ਤੁਰੰਤ ਬਾਹਰ ਵੱਲ ਭੱਜੇ ਅਤੇ ਮਲਬੇ ਹੇਠ ਆਉਣੋਂ ਵਾਲ-ਵਾਲ ਬਚ ਗਏ। ਉਸ ਸਮੇਂ ਤੀਜੀ ਮੰਜ਼ਿਲ ’ਤੇ ਇਕ ਮਿਸਤਰੀ ਕੰਮ ਕਰ ਰਿਹਾ ਸੀ, ਜਦੋਂ ਕਿ ਗਰਾਊਂਡ ਫਲੋਰ ’ਤੇ ਵੀ ਇਕ ਹੋਰ ਮਿਸਤਰੀ ਮੌਜੂਦ ਸੀ, ਜੋ ਮਲਬੇ ਦੀ ਲਪੇਟ ਵਿਚ ਆ ਗਿਆ।
ਲੈਂਟਰ ਡਿੱਗਦੇ ਹੀ ਭਾਰੀ ਮਲਬਾ ਅਤੇ ਸਰੀਆ ਮਿਸਤਰੀ ਦੇ ਉੱਪਰ ਜਾ ਡਿੱਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਮਲਬਾ ਹਟਾਉਣ ਦੀ ਕੋਸ਼ਿਸ਼ ਕੀਤੀ। ਮਿਸਤਰੀ ਦੀ ਲੱਤ ਸਰੀਆਂ ਵਿਚ ਬੁਰੀ ਤਰ੍ਹਾਂ ਫਸ ਗਈ ਸੀ, ਜਿਸ ਨੂੰ ਕਟਰ ਦੀ ਮਦਦ ਨਾਲ ਕੱਟ ਕੇ ਬਾਹਰ ਕੱਢਿਆ ਗਿਆ। ਇਸ ਦੌਰਾਨ ਦੋ ਹੋਰ ਮਜ਼ਦੂਰ ਵੀ ਮਲਬੇ ਹੇਠ ਦੱਬੇ ਰਹੇ।
ਸਥਾਨਕ ਲੋਕਾਂ ਅਤੇ ਹੋਰ ਮਜ਼ਦੂਰਾਂ ਨੇ ਤੁਰੰਤ ਬਚਾਅ ਕਾਰਜ (ਰੇਸਕਿਊ) ਸ਼ੁਰੂ ਕੀਤਾ। ਸੂਚਨਾ ਮਿਲਦੇ ਹੀ ਪੁਲਸ ਅਤੇ ਰੇਸਕਿਊ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਕਰੀਬ ਡੇਢ ਘੰਟੇ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਸਾਰੇ ਜ਼ਖਮੀਆਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।
ਥਾਣਾ ਬੀ-ਡਵੀਜ਼ਨ ਦੇ ਐੱਸ. ਐੱਚ. ਓ. ਬਲਜਿੰਦਰ ਸਿੰਘ ਔਲਖ ਨੇ ਦੱਸਿਆ ਕਿ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਬਚਾਅ ਟੀਮਾਂ ਨੂੰ ਬੁਲਾਇਆ ਗਿਆ ਸੀ। ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਨਿਰਮਾਣ ਵਾਲੀ ਥਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਲੈਂਟਰ ਡਿੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
Read More : ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਵਧੀਆਂ
