ਗ੍ਰਿਫ਼ਤਾਰ ਮੁਲਜ਼ਮਾਂ ਨੇ ਲੁਧਿਆਣਾ ਵਿਚ ਸਰਕਾਰੀ ਅਤੇ ਪ੍ਰਮੁੱਖ ਦਫ਼ਤਰਾਂ ਦੀ ਕੀਤੀ ਸੀ ਰੇਕੀ : ਡੀ. ਜੀ. ਪੀ. ਗੌਰਵ ਯਾਦਵ
ਲੁਧਿਆਣਾ, 7 ਜਨਵਰੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸ. ਐੱਸ. ਓ. ਸੀ.) ਐੱਸ. ਏ. ਐੱਸ. ਨਗਰ ਨੇ ਕਾਊਂਟਰ ਇੰਟੈਲੀਜੈਂਸ ਲੁਧਿਆਣਾ ਦੇ ਤਾਲਮੇਲ ਨਾਲ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ’ਤੇ ਮਿੱਥ ਕੇ ਕਤਲ ਕਰਨ ਦੀ ਘਟਨਾ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਲੁਧਿਆਣਾ-ਆਧਾਰਤ 2 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਇਕ 9 ਐੱਮ.ਐੱਮ. ਦਾ ਪਿਸਤੌਲ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਇਹ ਜਾਣਕਾਰੀ ਬੁੱਧਵਾਰ ਨੂੰ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਦਿੰਦਿਆ ਦੱਸਿਆਂ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਕਰਨਬੀਰ ਸਿੰਘ ਵਾਸੀ ਹੈਬੋਵਾਲ ਕਲਾਂ, ਲੁਧਿਆਣਾ ਅਤੇ ਅਵਤਾਰ ਸਿੰਘ ਵਾਸੀ ਨਿਊ ਸ਼ਿਮਲਾਪੁਰੀ, ਮਿਲਰਗੰਜ, ਲੁਧਿਆਣਾ ਵਜੋਂ ਹੋਈ ਹੈ। ਮੁਲਜ਼ਮ ਅਵਤਾਰ ਸਿੰਘ ਅਪਰਾਧਿਕ ਪਿਛੋਕੜ ਵਾਲਾ ਹੈ ਅਤੇ ਇਸ ਵਿਰੁੱਧ ਅਸਲਾ ਐਕਟ ਅਤੇ ਆਈ. ਪੀ. ਸੀ. ਐਕਟ ਤਹਿਤ ਕਈ ਮਾਮਲੇ ਦਰਜ ਹਨ।
ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਖਾਲਿਸਤਾਨ ਕਮਾਂਡੋ ਫੋਰਸ (ਕੇ. ਸੀ. ਐੱਫ.) ਨਾਲ ਜੁੜੇ ਯੂ.ਕੇ. ਅਤੇ ਜਰਮਨੀ ਆਧਾਰਤ ਹੈਂਡਲਰਾਂ ਦੇ ਸੰਪਰਕ ’ਚ ਸਨ ਤੇ ਕੱਟੜਪੰਥੀ ਵਿਚਾਰਧਾਰਾ ਨਾਲ ਜੁੜੇ ਹੋਏ ਸਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਆਪਣੇ ਹੈਂਡਲਰਾਂ ਦੇ ਨਿਰਦੇਸ਼ਾਂ ’ਤੇ ਸਾਜ਼ਿਸ਼ ਦੇ ਹਿੱਸੇ ਵਜੋਂ ਲੁਧਿਆਣਾ ’ਚ ਸਰਕਾਰੀ ਅਤੇ ਪ੍ਰਮੁੱਖ ਦਫ਼ਤਰਾਂ ਦੀ ਰੇਕੀ ਕੀਤੀ ਸੀ।
ਡੀ.ਜੀ.ਪੀ. ਨੇ ਦੱਸਿਆ ਕਿ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਨੂੰ ਕੁਝ ਹੋਰ ਪਛਾਣੇ ਗਏ ਵਿਅਕਤੀਆਂ ਨਾਲ ਸਬੰਧਤ ਜਾਣਕਾਰੀ ਇਕੱਠੀ ਕਰਨ ਤੇ ਜ਼ਮੀਨੀ ਪੱਧਰ ’ਤੇ ਕਾਰਵਾਈ ਕਰਨ ਦਾ ਕੰਮ ਸੌਂਪਿਆ ਗਿਆ ਸੀ।
ਇਸ ਆਪ੍ਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਏ. ਆਈ. ਜੀ. ਐੱਸ. ਐੱਸ. ਓ. ਸੀ. ਐੱਸ. ਏ. ਐੱਸ. ਨਗਰ ਡੀ. ਸੂਡਰਵਿਜ਼ੀ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਵੱਲੋਂ ਇਲਾਕੇ ’ਚ ਮਿੱਥ ਕੇ ਕਤਲ ਕਰਨ ਦੀ ਸਾਜ਼ਿਸ਼ ਰਚਣ ਬਾਰੇ ਮਿਲੀ ਭਰੋਸੇਯੋਗ ਜਾਣਕਾਰੀ ’ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਐੱਸ.ਐੱਸ.ਓ.ਸੀ. ਐੱਸ.ਏ.ਐੱਸ. ਨਗਰ ਦੀ ਇਕ ਸਾਂਝੀ ਟੀਮ ਨੇ ਸੀ.ਆਈ. ਲੁਧਿਆਣਾ ਦੇ ਨਾਲ ਮਿਲ ਕੇ ਇਕ ਆਪ੍ਰੇਸ਼ਨ ਚਲਾਇਆ ਅਤੇ ਦੋਵਾਂ ਮੁਲਜ਼ਮਾਂ ਨੂੰ ਲੁਧਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ।
ਜਾਂਚ ਦੌਰਾਨ ਅਵਤਾਰ ਸਿੰਘ ਦੇ ਖੁਲਾਸੇ ’ਤੇ ਉਸ ਦੇ ਕਬਜ਼ੇ ਵਿਚੋਂ ਇਕ 9 ਐੱਮ. ਐੱਮ. ਦਾ ਪਿਸਤੌਲ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਇਸ ਸਬੰਧੀ ਥਾਣਾ ਐੱਸ.ਐੱਸ.ਓ.ਸੀ. ਐੱਸ.ਏ.ਐੱਸ. ਨਗਰ ਮਾਮਲਾ ਦਰਜ ਕੀਤਾ ਗਿਆ ਹੈ।
Read More : ਵੱਡਾ ਹਾਦਸਾ, ਚੌਥੀ ਮੰਜ਼ਿਲ ਦਾ ਲੈਂਟਰ ਡਿੱਗਿਆ, 3 ਮਜ਼ਦੂਰ ਦੱਬੇ
