ਹਠੂਰ

ਨੌਜਵਾਨਾਂ ’ਚ ਟਕਰਾਅ, 3 ਬੱਚਿਆਂ ਦੇ ਪਿਓ ਦੀ ਗੋਲੀਆਂ ਮਾਰ ਕੇ ਹੱਤਿਆ

ਲੁਧਿਆਣਾ, 5 ਜਨਵਰੀ : ਜ਼ਿਲਾ ਲੁਧਿਆਣਾ ਦੇ ਪਿੰਡ ਮਾਣੂੰਕੇ ਵਿਚ ਅੱਜ ਦੁਪਹਿਰ ਸਮੇਂ ਪਿੰਡ ਦੇ ਹੀ ਨੌਜਵਾਨਾਂ ਵਿਚ ਹੋਏ ਟਕਰਾਅ ਕਾਰਨ 3 ਮਾਸੂਮ ਬੱਚਿਆਂ ਦੇ ਪਿਓ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।

ਮੌਕੇ ’ਤੇ ਹਾਜ਼ਰ ਲੋਕਾਂ ਅਨੁਸਾਰ ਗਗਨਦੀਪ ਸਿੰਘ (35) ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਮਾਣੂੰਕੇ ਨੂੰ ਹਥਿਆਰਾਂ ਅਤੇ ਤਲਵਾਰਾਂ ਨਾਲ ਲੈਸ ਨੌਜਵਾਨਾਂ ਨੇ ਦਾਣਾ ਮੰਡੀ ਵਿਚ ਹੋਈ ਲੜਾਈ ਦੌਰਾਨ ਗੋਲੀਆਂ ਮਾਰ ਕੇ ਮਾਰ ਦਿੱਤਾ। ਲੋਕਾਂ ਨੇ ਦੱਸਿਆ ਕਿ ਗਗਨਦੀਪ ਸਿੰਘ ਇਕ ਚੰਗਾ ਖਿਡਾਰੀ ਸੀ ਅਤੇ ਹੁਣ ਉਹ ਮਜ਼ਦੂਰੀ ਦਾ ਕੰਮ ਕਰ ਕੇ ਗੁਜ਼ਾਰਾ ਕਰਦਾ ਸੀ। ਖੇਤਾਂ ’ਚ ਪਏ ਗਗਨਦੀਪ ਨੂੰ ਪਰਿਵਾਰਕ ਮੈਂਬਰ ਤੇ ਪਿੰਡ ਵਾਸੀ ਜਗਰਾਓਂ ਦੇ ਸਿਵਲ ਹਸਪਤਾਲ ਲੈ ਕੇ ਪੁੱਜੇ, ਜਿੱਥੇ ਇਲਾਜ ਦੌਰਾਨ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਸੂਚਨਾ ਮਿਲਦਿਆਂ ਹੀ ਘਟਨਾ ਸਥਾਨ ’ਤੇ ਪੰਜਾਬ ਪੁਲਸ ਦੇ ਡੀ. ਆਈ. ਜੀ. ਸਤਿੰਦਰ ਸਿੰਘ, ਐੱਸ. ਐੱਸ. ਪੀ. ਡਾ. ਅੰਕੁਰ ਗੁਪਤਾ, ਡੀ. ਐੱਸ. ਪੀ. ਹਰਜਿੰਦਰ ਸਿੰਘ ਅਤੇ ਐੱਸ. ਐੱਚ. ਓ. ਕੁਲਦੀਪ ਕੁਮਾਰ ਥਾਣਾ ਹਠੂਰ ਵੀ ਪੁੱਜੇ।

ਡੀ. ਆਈ. ਜੀ. ਨੇ ਦੱਸਿਆ ਕਿ ਗਗਨਦੀਪ ਸਿੰਘ ਦੀ ਗੁਰਸੇਵਕ ਸਿੰਘ ਮੋਟੂ ਨਾਲ ਸਵੇਰੇ ਵੀ ਲੜਾਈ ਹੋਈ ਸੀ ਪਰ ਉਨ੍ਹਾਂ ਕੋਈ ਸ਼ਿਕਾਇਤ ਨਹੀਂ ਕੀਤੀ, ਜਦ ਕਿ ਲੜਾਈ ਤੋਂ ਬਾਅਦ ਦੋਵਾਂ ਨੇ ਆਪਣੇ-ਆਪਣੇ ਸਾਥੀ ਬੁਲਾ ਲਏ ਅਤੇ ਦੁਪਹਿਰ ਸਮੇਂ ਝਗੜਾ ਹੋਰ ਵੱਧ ਗਿਆ ਤੇ ਇਸ ਨੇ ਭਿਆਨਕ ਰੂਪ ਧਾਰ ਲਿਆ।

ਉਨ੍ਹਾਂ ਕਿਹਾ ਕਿ ਗੁਰਸੇਵਕ ਸਿੰਘ ਮੋਟੂ ਨੇ ਹੋਰ ਕਈ ਸਾਥੀਆਂ ਤੋਂ ਇਲਾਵਾ 3-4 ਮੁੰਡੇ ਹੋਰ ਜ਼ਿਲਿਆਂ ਤੋਂ ਵੀ ਬੁਲਾਏ ਹੋਏ ਸਨ ਅਤੇ ਇਸ ਫਾਇਰਿੰਗ ਵਿਚ ਗਗਨਦੀਪ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮਾਮਲਾ ਦਰਜ ਕਰ ਲਿਆ ਹੈ ਅਤੇ ਇਕ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਬਾਕੀਆਂ ਦੀ ਭਾਲ ਜਾਰੀ ਹੈ। ਸਰਪੰਚ ਹਰਪ੍ਰੀਤ ਸਿੰਘ ਮਾਣੂੰਕੇ ਨੇ ਕਿਹਾ ਕਿ ਪਿੰਡ ਦੇ ਲੋਕਾਂ ਅਨੁਸਾਰ ਝਗੜੇ ਦੌਰਾਨ 8 ਤੋਂ 10 ਗੋਲੀਆਂ ਚੱਲੀਆਂ।

Read More : ਮਾਣਹਾਨੀ ਮਾਮਲੇ ’ਚ ਕੰਗਨਾ ਰਣੌਤ ਬਠਿੰਡਾ ਅਦਾਲਤ ’ਚ ਨਹੀਂ ਹੋਈ ਪੇਸ਼

Leave a Reply

Your email address will not be published. Required fields are marked *