ਪੰਚਾਇਤ ਵਿਭਾਗ ਨੇ ਭਾਰੀ ਪੁਲਸ ਫੋਰਸ ਸਮੇਤ ਜੇ. ਸੀ. ਬੀ. ਮਸ਼ੀਨ ਨਾਲ ਦਿੱਤਾ ਕਾਰਵਾਈ ਨੂੰ ਅੰਦਾਜ਼
ਸਮਾਣਾ, 4 ਜਨਵਰੀ : ਸਮਾਣਾ ਸ਼ਹਿਰ ਅਧੀਨ ਆਉਂਦੇ ਪਿੰਡ ਮੁਰਾਦਪੁਰਾ ਵਿਖੇ ਬਲਾਕ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਪੰਚਾਇਤੀ ਜ਼ਮੀਨ ’ਤੇ ਨਸ਼ਾ ਸਮੱਗਲਰਾਂ ਵੱਲੋਂ ਕੀਤੀ ਨਾਜਾਇਜ਼ ਉਸਾਰੀ ਨੂੰ ਅਦਾਲਤ ਦੇ ਮਿਲੇ ਹੁਕਮਾਂ ਅਨੁਸਾਰ ਭਾਰੀ ਪੁਲਸ ਫੋਰਸ ਸਮੇਤ ਜੇ. ਸੀ. ਬੀ. ਮਸ਼ੀਨ ਨਾਲ ਢਾਹਿਆ ਗਿਆ।
ਜਾਣਕਾਰੀ ਦਿੰਦਿਆਂ ਬੀ. ਡੀ. ਪੀ. ਓ. ਨੇ ਦੱਸਿਆ ਕਿ ਤਰਸੇਮ ਸਿੰਘ ਉਰਫ ਟੁੰਡਾ ਅਤੇ ਬਲਬੀਰ ਸਿੰਘ ਉਰਫ ਮਾਹੀ ਵੱਲੋਂ ਆਪਣੇ ਘਰਾਂ ਸਾਹਮਣੇ ਗਲੀ ਨੂੰ 11 ਫੁੱਟ ਚੌੜਾ ਅਤੇ 40 ਫੁੱਟ ਲੰਮਾ ਛੱਤ ਕੇ ਘਰਾਂ ਦੀ ਛੱਤ ਨਾਜਾਇਜ਼ ਤੌਰ ’ਤੇ ਜੋੜ ਰੱਖੀ ਸੀ। ਇਸ ਦਾ ਜ਼ਿਲਾ ਕੁਲੈਕਟਰ ਡੀ. ਡੀ. ਪੀ. ਓ. ਪਟਿਆਲਾ ਦੀ ਅਦਾਲਤ ’ਚ ਧਾਰਾ 7 ਅਧੀਨ ਕੇਸ ਚੱਲ ਰਿਹਾ ਸੀ।
ਪਿਛਲੇ ਦਿਨੀਂ ਗਲੀ ਦੀ ਛੱਤ ਨੂੰ ਢਾਹੁਣ ਦੇ ਮਿਲੇ ਹੁਕਮਾਂ ਤਹਿਤ ਉਨ੍ਹਾਂ ਨੇ ਐਤਵਾਰ ਨੂੰ ਪੁਲਸ ਅਫਸਰਾਂ ਐੱਸ. ਪੀ. ਵੈਭਵ ਚੌਧਰੀ ਅਤੇ ਡੀ. ਐੱਸ. ਪੀ. ਫਤਿਹ ਸਿੰਘ ਬਰਾੜ ਦੀ ਨਿਗਰਾਨੀ ਹੇਠ ਨਾਜਾਇਜ਼ ਉਸਾਰੀ ਨੂੰ ਢਾਹ ਕਿ ਪੰਚਾਇਤ ਹਵਾਲੇ ਕੀਤਾ ਗਿਆ।
ਐੱਸ. ਪੀ. ਵੈਭਵ ਚੌਧਰੀ ਨੇ ਦਾਅਵਾ ਕੀਤਾ ਕਿ ਪਿੰਡ ਮੁਰਾਦਪੁਰਾ ਦੇ ਜਿਹੜੇ ਨਸ਼ਾ ਸਮੱਗਲਰਾਂ ਦੀ ਨਾਜਾਇਜ਼ ਉਸਾਰੀ ਢਾਹੁਣ ਲਈ ਸਬੰਧਤ ਵਿਭਾਗ ਵੱਲੋਂ ਕਾਰਵਾਈ ਕੀਤੀ ਗਈ ਹੈ, ਉਨ੍ਹਾਂ ਵਿਰੁੱਧ ਨਸ਼ਾ ਸਮੱਗਲਿੰਗ ਦੇ ਤਰਸੇਮ ਸਿੰਘ ਖਿਲਾਫ 8 ਅਤੇ ਬਲਵੀਰ ਸਿੰਘ ਖਿਲਾਫ 4 ਮਾਮਲੇ ਦਰਜ ਹਨ।
ਉਨ੍ਹਾਂ ਨਸ਼ਾ ਸਮੱਗਲਰਾ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਨਸ਼ੇ ਵੇਚਣ ਤੇ ਕਾਲੇ ਕਾਰੋਬਾਰ ਕਰਨ ਵਾਲੇ ਅਜਿਹੀਆਂ ਗੈਰ-ਸਮਾਜੀ ਗਤੀਵਿਧੀਆਂ ਛੱਡ ਦੇਣ, ਨਹੀਂ ਤਾਂ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਪੰਚਾਇਤ ਤੇ ਹੋਰ ਮੋਹਤਬਰ ਵਿਅਕਤੀਆਂ ਨੂੰ ਅਜਿਹੇ ਮਾੜੇ ਅਨਸਰਾਂ ਦੀ ਜ਼ਮਾਨਤ ਨਾਂ ਕਰਵਾਏ ਜਾਣ ਦੀ ਗੱਲ ਵੀ ਕੀਤੀ। ਇਸ ਮੌਕੇ ਤਹਿਸੀਲਦਾਰ ਸੁਖਵਿੰਦਰ ਸਿੰਘ ਟਿਵਾਣਾ, ਪੰਚਾਇਤ ਅਫਸਰ ਜਤਿੰਦਰ ਸਿੰਘ, ਸਕੱਤਰ ਸਤਨਾਮ ਸਿੰਘ ਤੋਂ ਇਲਾਵਾ ਭਾਰੀ ਪੁਲਸ ਫੋਰਸ ਹਾਜ਼ਰ ਸੀ।
Read More : ਵਿਆਹ ’ਚ ‘ਆਪ’ ਸਰਪੰਚ ਦੀ ਗੋਲੀਆਂ ਮਾਰ ਕੇ ਹੱਤਿਆ
