Krishanu

ਵਿਚੋਲੀਏ ਕ੍ਰਿਸ਼ਨੂ ਸ਼ਾਰਦਾ ਨੇ ਮੰਗੀ ਪੱਕੀ ਜ਼ਮਾਨਤ, ਸੀ.ਬੀ.ਆਈ. ਨੂੰ ਨੋਟਿਸ

ਮਾਮਲੇ ਦੀ ਅਗਲੀ ਸੁਣਵਾਈ 7 ਜਨਵਰੀ ਨੂੰ ਹੋਵੇਗੀ

ਚੰਡੀਗੜ੍ਹ, 4 ਜਨਵਰੀ : ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੀ ਜ਼ਮਾਨਤ ਅਰਜ਼ੀ ਰੱਦ ਹੋਣ ਤੋਂ ਬਾਅਦ ਹੁਣ ਇਸ ਮਾਮਲੇ ’ਚ ਸਹਿ-ਮੁਲਜ਼ਮ ਅਤੇ ਕਥਿਤ ਵਿਚੋਲੀਏ ਕ੍ਰਿਸ਼ਨੂ ਸ਼ਾਰਦਾ ਨੇ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਿਚ ਜ਼ਮਾਨਤ ਅਰਜ਼ੀ ਦਾਇਰ ਕੀਤੀ ਹੈ।

ਅਦਾਲਤ ਨੇ ਅਰਜ਼ੀ ’ਤੇ ਸੀ.ਬੀ.ਆਈ. ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 7 ਜਨਵਰੀ ਨੂੰ ਹੋਣੀ ਹੈ। ਭੁੱਲਰ ਦੀ ਆਮਦਨ ਤੋਂ ਵੱਧ ਜਾਇਦਾਦ ਨਾਲ ਸਬੰਧਤ ਹੋਰ ਦਰਜ ਮਾਮਲਿਆਂ ’ਚ ਵੀ ਜ਼ਮਾਨਤ ਅਰਜ਼ੀ ਰੱਦ ਹੋ ਚੁੱਕੀ ਸੀ। 2 ਜਨਵਰੀ ਨੂੰ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਰਿਸ਼ਵਤ ਮਾਮਲੇ ’ਚ ਮੁਅੱਤਲ ਡੀ.ਆਈ.ਜੀ. ਭੁੱਲਰ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ।

ਇਸ ਤੋਂ ਬਾਅਦ ਕ੍ਰਿਸ਼ਨੂ ਸ਼ਾਰਦਾ ਵੱਲੋਂ ਪੱਕੀ ਜ਼ਮਾਨਤ ਦੀ ਮੰਗ ਕਰਦਿਆਂ ਅਦਾਲਤ ਵਿਚ ਦਲੀਲ ਦਿੱਤੀ ਗਈ ਕਿ ਮਾਮਲੇ ਵਿਚ ਚਾਰਜਸ਼ੀਟ ਦਾਇਰ ਕੀਤੀ ਗਈ ਹੈ, ਜਾਂਚ ਪੂਰੀ ਹੋ ਗਈ ਹੈ ਅਤੇ ਉਸ ਨੂੰ ਝੂਠਾ ਫਸਾਇਆ ਗਿਆ ਹੈ, ਇਸ ਲਈ ਉਸ ਨੂੰ ਜ਼ਮਾਨਤ ਦਾ ਲਾਭ ਦਿੱਤਾ ਜਾਣਾ ਚਾਹੀਦਾ ਹੈ।

ਸੀ.ਬੀ.ਆਈ. ਨੇ ਕ੍ਰਿਸ਼ਨੂ ਸ਼ਾਰਦਾ ਨੂੰ 16 ਅਕਤੂਬਰ ਨੂੰ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨਾਲ ਗ੍ਰਿਫ਼ਤਾਰ ਕੀਤਾ ਸੀ। ਜਾਂਚ ਏਜੰਸੀ ਦਾ ਦੋਸ਼ ਹੈ ਕਿ ਸਾਲ 2023 ’ਚ ਸਰਹਿੰਦ ਥਾਣਾ ਖੇਤਰ ਵਿਚ ਦਰਜ ਇਕ ਐੱਫ.ਆਈ.ਆਰ. ਨੂੰ ਸੈਟਲ ਕਰਵਾਉਣ ਕਰਨ ਅਤੇ ਸ਼ਿਕਾਇਤਕਰਤਾ ਆਕਾਸ਼ ਬੱਤਾ ਦੇ ਸਕ੍ਰੈਪ ਕਾਰੋਬਾਰ ਵਿਰੁੱਧ ਹੋਰ ਸਖ਼ਤ ਕਾਰਵਾਈ ਤੋਂ ਬਚਾਉਣ ਬਦਲੇ ਭੁੱਲਰ ਨੇ ਸ਼ਾਰਦਾ ਰਾਹੀਂ ਨਾਜਾਇਜ਼ ਪੈਸੇ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਭੁੱਲਰ ਵੱਲੋਂ ਪੇਸ਼ ਵਕੀਲ ਨੇ ਅਦਾਲਤ ਵਿਚ ਦਲੀਲ ਦਿੱਤੀ ਸੀ ਕਿ ਚਾਰਜਸ਼ੀਟ ਵਿਚ ਸੇਵਾ-ਪਾਣੀ ਸ਼ਬਦ ਦੀ ਵਰਤੋਂ ਕੀਤੀ ਗਈ ਹੈ, ਜਿਸ ਦਾ ਮਤਲਬ ਜ਼ਰੂਰੀ ਤੌਰ ’ਤੇ ਰਿਸ਼ਵਤ ਨਹੀਂ ਹੁੰਦਾ।

ਉਸ ਨੇ ਇਹ ਵੀ ਕਿਹਾ ਕਿ ਮਾਮਲੇ ’ਚ ਸਮਾਂ, ਮਿਤੀ ਅਤੇ ਸਥਾਨ ਦਾ ਸਪੱਸ਼ਟ ਜਿਕਰ ਨਹੀਂ ਹੈ ਜਦਕਿ ਕਥਿਤ ਰਿਸ਼ਵਤ ਦੀ ਰਕਮ ਬਾਰੇ ਵਿਰੋਧਾਭਾਸ ਮੌਜੂਦ ਹੈ। ਸੀ.ਬੀ.ਆਈ. ਦੇ ਵਕੀਲ ਨੇ ਜ਼ਮਾਨਤ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਭੁੱਲਰ ਵਿਰੁੱਧ ਮਾਮਲਾ ਗ਼ੈਰ-ਜ਼ਮਾਨਤੀ ਹੈ।

ਸੀ.ਬੀ.ਆਈ. ਨੇ ਅਦਾਲਤ ਨੂੰ ਦੱਸਿਆ ਕਿ ਇਸ ਮਾਮਲੇ ’ਚ ਇੰਸਪੈਕਟਰ ਪਵਨ ਲਾਂਬਾ ਅਤੇ ਇੰਸਪੈਕਟਰ ਆਰ.ਐੱਮ. ਸ਼ਰਮਾ ਗਵਾਹ ਹਨ। ਏਜੰਸੀ ਮੁਤਾਬਿਕ ਭੁੱਲਰ ਦੁਆਰਾ ਵਿਚੋਲੀਏ ਨੂੰ ਭੇਜੇ ਗਏ ਸੁਨੇਹੇ ’ਚ ਪੂਰੇ 8 ਲੱਖ ਕਰਨ ਦੀ ਗੱਲ ਸਪੱਸ਼ਟ ਤੌਰ ’ਤੇ ਲਿਖੀ ਗਈ ਸੀ, ਜਿਸ ਨਾਲ ਰਿਸ਼ਵਤ ਦੀ ਮੰਗ ਸਪੱਸ਼ਟ ਹੁੰਦੀ ਹੈ।

Read More : ਸ਼੍ਰੋਮਣੀ ਕਮੇਟੀ ਲਾਪਤਾ ਸਰੂਪਾਂ ਬਾਰੇ ਜਵਾਬ ਦੇ ਕੇ ਬਾਦਲਾਂ ਨੂੰ ਬਚਾਉਣਾ ਬੰਦ ਕਰੇ : ਪੰਨੂ

Leave a Reply

Your email address will not be published. Required fields are marked *