ਮੋਹਾਲੀ, 25 ਦਸੰਬਰ : ਸੀ. ਬੀ. ਆਈ. ਵੱਲੋਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਨ੍ਹਾਂ ਦੇ ਲੜਕੇ ਨਾਲ ਕੁੱਟਮਾਰ ਦੇ ਮਾਮਲੇ ’ਚ ਮੋਹਾਲੀ ਵਿਚਲੀ ਸੀ. ਬੀ. ਆਈ. ਦੀ ਅਦਾਲਤ ਦੇ ਵਿਸ਼ੇਸ਼ ਜੱਜ ਕਰਨਵੀਰ ਸਿੰਘ ਮਾਝੂ ਦੀ ਅਦਾਲਤ ’ਚ ਪੰਜਾਬ ਪੁਲਸ ਦੇ 4 ਪੁਲਸ ਅਧਿਕਾਰੀਆਂ ਇੰਸਪੈਕਟਰ ਰੌਨੀ ਸਿੰਘ ਮੁੱਖ ਮੁਲਜ਼ਮ ਵਜੋਂ (ਪਹਿਲਾਂ ਸਮਾਣਾ ਵਿਖੇ ਤਾਇਨਾਤ ਐੱਸ. ਐੱਚ. ਓ.), ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ (ਪਹਿਲਾਂ ਇੰਚਾਰਜ ਸਪੈਸ਼ਲ ਸੈੱਲ ਪਟਿਆਲਾ), ਇੰਸਪੈਕਟਰ ਹੈਰੀ ਬੋਪਾਰਾਏ (ਪਹਿਲਾਂ ਸਪੈਸ਼ਲ ਸੈੱਲ ਰਾਜਪੁਰਾ ’ਚ ਤਾਇਨਾਤ) ਅਤੇ ਇੰਸਪੈਕਟਰ ਸ਼ਮਿੰਦਰ ਸਿੰਘ ਵਿਰੁੱਧ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ।
ਇਸ ਮਾਮਲੇ ’ਚ ਪਹਿਲਾਂ ਪੰਜਾਬ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ ਪਰ ਕਰਨਲ ਬਾਠ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਜਾਂਚ ਠੀਕ ਢੰਗ ਨਾਲ ਨਾ ਹੋਣ ਦਾ ਖਦਸ਼ਾ ਜਤਾਉਂਦਿਆਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਸੀ ਅਤੇ ਹਾਈ ਕੋਰਟ ਵੱਲੋਂ ਇਸ ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲਸ ਨੂੰ ਸੌਂਪੀ ਗਈ ਸੀ। ਇਸ ਦੌਰਾਨ ਚਾਰਾਂ ਪੁਲਸ ਅਧਿਕਾਰੀਆਂ ਨੂੰ ਪਹਿਲਾਂ ਮੁਅੱਤਲ ਕੀਤਾ ਗਿਆ ਅਤੇ ਬਾਅਦ ’ਚ ਉਨ੍ਹਾਂ ਨੂੰ ਪਟਿਆਲਾ ਜ਼ਿਲੇ ਤੋਂ ਬਾਹਰ ਤਬਦੀਲ ਕਰ ਦਿੱਤਾ ਗਿਆ ਸੀ।
ਸੀ. ਬੀ. ਆਈ. ਵੱਲੋਂ ਇਸ ਮਾਮਲੇ ’ਚ ਚਾਰਾਂ ਪੁਲਸ ਅਫ਼ਸਰਾਂ ਖ਼ਿਲਾਫ਼ ਧਾਰਾ-109, 310, 155(2), 117(2), 126(2), 351(2) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਕੀ ਸੀ ਪੂਰਾ ਮਾਮਲਾ
ਕਰਨਲ ਪੁਸ਼ਪਿੰਦਰ ਸਿੰਘ ਬਾਠ ਦਾ ਮਾਮਲਾ 13-14 ਮਾਰਚ 2025 ਦੀ ਰਾਤ ਨੂੰ ਸ਼ੁਰੂ ਹੋਇਆ ਸੀ, ਜਦੋਂ ਪਟਿਆਲਾ ’ਚ ਪਾਰਕਿੰਗ ਵਿਵਾਦ ਤੋਂ ਬਾਅਦ ਪੰਜਾਬ ਪੁਲਸ ਦੇ ਅਧਿਕਾਰੀਆਂ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਲੜਕੇ ’ਤੇ ਹਮਲਾ ਕੀਤਾ ਸੀ। ਕਰਨਲ ਬਾਠ ਵੱਲੋਂ ਪੁਲਸ ਅਫ਼ਸਰਾਂ ਨੂੰ ਆਪਣੀ ਪਛਾਣ ਦੱਸਣ ਦੇ ਬਾਵਜੂਦ ਉਨ੍ਹਾਂ ਨਾਲ ਕੁੱਟਮਾਰ ਕਰਦਿਆਂ ਇਨ੍ਹਾਂ ਦੀ ਬਾਂਹ ਤੋੜ ਦਿੱਤੀ ਗਈ ਅਤੇ ਉਨ੍ਹਾਂ ਦੇ ਲੜਕੇ ਦੇ ਸਿਰ ’ਚ ਗੰਭੀਰ ਸੱਟਾਂ ਲੱਗੀਆਂ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ।
Read More : ਪਿਓ ਨੇ ਨਾਬਾਲਿਗ ਧੀ ਦੀ ਹੱਤਿਆ ਕੀਤੀ
