ਸੂਰਿਆਕੁਮਾਰ ਯਾਦਵ ਨੂੰ ਸੌਂਪੀ ਟੀਮ ਦੀ ਕਮਾਨ, ਅਕਸ਼ਰ ਪਟੇਲ ਨੂੰ ਬਣਾਇਆ ਉਪ-ਕਪਤਾਨ
ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦੀ ਟੀਮ ਵਿਚ ਵਾਪਸੀ

22 ਜਨਵਰੀ ਤੋਂ ਇੰਗਲੈਂਡ ਨਾਲ ਸ਼ੁਰੂ ਹੋਣ ਵਾਲੀ 5 ਮੈਚਾਂ ਦੀ ਟੀ-20 ਸੀਰੀਜ਼ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਦੀ ਕਮਾਨ ਸੂਰਿਆਕੁਮਾਰ ਯਾਦਵ ਨੂੰ ਸੌਂਪੀ ਗਈ ਹੈ, ਜਦਕਿ ਆਲਰਾਊਂਡਰ ਅਕਸ਼ਰ ਪਟੇਲ ਨੂੰ ਪਹਿਲੀ ਵਾਰ ਟੀਮ ਦਾ ਉਪ-ਕਪਤਾਨ ਬਣਾਇਆ ਗਿਆ ਹੈ। ਇਸ ਦੌਰਾਨ ਇਕ ਸਾਲ ਤੋਂ ਵੀ ਵੱਧ ਸਮੇਂ ਤੋਂ ਟੀਮ ਵਿਚੋਂ ਬਾਹਰ ਚੱਲ ਰਹੇ ਧਾਕੜ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦੀ ਟੀਮ ਵਿਚ ਵਾਪਸੀ ਹੋਈ ਹੈ।

ਇਸ ਤੋਂ ਇਲਾਵਾ ਰਿਸ਼ਭ ਪੰਤ ਨੂੰ ਆਰਾਮ ਦਿੱਤਾ ਹੈ। ਸ਼ੁੱਭਮਨ ਗਿੱਲ ਨੂੰ ਵੀ ਇਸ ਟੀਮ ਵਿਚ ਜਗ੍ਹਾ ਨਹੀਂ ਦਿੱਤੀ ਗਈ, ਜਦਕਿ ਯੁਜਵੇਂਦਰ ਚਹਲ ਵੀ ਟੀਮ ਵਿਚ ਵਾਪਸੀ ਨਹੀਂ ਕਰ ਸਕੇ।

ਟੀਮ ਦਾ ਵੇਰਵਾ–
ਸੂਰਿਆਕੁਮਾਰ ਯਾਦਵ (ਕਪਤਾਨ), ਅਕਸ਼ਰ ਪਟੇਲ (ਉਪ-ਕਪਤਾਨ), ਸੰਜੂ ਸੈਮਸਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਹਾਰਦਿਕ ਪੰਡਯਾ, ਰਿੰਕੂ ਸਿੰਘ, ਨਿਤੀਸ਼ ਕੁਮਾਰ ਰੈੱਡੀ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ, ਮੁਹੰਮਦ ਸ਼ੰਮੀ, ਵਰੁਣ ਚਕਰਵਰਤੀ, ਰਵੀ ਬਿਸ਼ਨੋਈ, ਵਾਸ਼ਿੰਗਟਨ ਸੁੰਦਰ, ਧਰੁਵ ਜੁਰੇਲ।
ਦੱਸ ਦੇਈਏ ਕਿ ਭਾਰਤ ਤੇ ਇੰਗਲੈਂਡ ਵਿਚਾਲੇ 5 ਟੀ-20 ਮੈਚਾਂ ਦੀ ਲੜੀ ਖੇਡੀ ਜਾਵੇਗੀ, ਜਿਸ ਦਾ ਪਹਿਲਾ ਮੈਚ 22 ਜਨਵਰੀ ਨੂੰ ਕੋਲਕਾਤਾ ਦੇ ਈਡਨ ਗਾਰਡਨਜ਼ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਜਾਵੇਗਾ, ਦੂਜਾ ਮੁਕਾਬਲਾ 25 ਜਨਵਰੀ ਨੂੰ ਚੇਨਈ, ਤੀਜਾ ਮੈਚ 28 ਜਨਵਰੀ ਨੂੰ ਰਾਜਕੋਟ, ਚੌਥਾ ਮੈਚ 31 ਜਨਵਰੀ ਨੂੰ ਪੁਣੇ ਤੇ ਆਖ਼ਰੀ ਮੁਕਾਬਲਾ 2 ਫਰਵਰੀ ਨੂੰ ਮੁੰਬਈ ਦੇ ਵਾਨਖੇਡੇ ਸਟੇਡੀਅਮ ਵਿਚ ਖੇਡਿਆ ਜਾਵੇਗਾ।