ਫਰੀਦਕੋਟ, 29 ਨਵੰਬਰ : ਜ਼ਿਲੇ ਦੇ ਪਿੰਡ ਸੁੱਖਣ ਵਾਲਾ ’ਚ ਪ੍ਰੇਮ ਸੰਬੰਧਾਂ ਕਾਰਨ ਇਕ ਵਿਅਕਤੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ।
ਮਾਮਲੇ ’ਚ ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਮ੍ਰਿਤਕ ਗੁਰਵਿੰਦਰ ਸਿੰਘ ਦੀ ਪਤਨੀ ਰੁਪਿੰਦਰ ਕੌਰ ਅਤੇ ਉਸ ਦੇ ਪ੍ਰੇਮੀ ਬਠਿੰਡਾ ਦੇ ਪਿੰਡ ਬੱਲੂਆਣਾ ਨਿਵਾਸੀ ਹਰਕੰਵਲਪ੍ਰੀਤ ਸਿੰਘ ਖਿਲਾਫ਼ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਐੱਨ. ਆਰ. ਆਈ. ਪਰਿਵਾਰ ਨਾਲ ਸਬੰਧਿਤ ਗੁਰਵਿੰਦਰ ਸਿੰਘ ਦਾ ਵਿਆਹ ਸਾਲ 2023 ’ਚ ਫਰੀਦਕੋਟ ਦੀ ਰਹਿਣ ਵਾਲੀ ਰੁਪਿੰਦਰ ਕੌਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਰੁਪਿੰਦਰ ਕੌਰ ਕੈਨੇਡਾ ਚਲੀ ਗਈ ਸੀ ਪਰ 2024 ’ਚ ਉਸ ਨੂੰ ਉਥੋਂ ਡਿਪੋਰਟ ਕਰ ਕੇ ਵਾਪਸ ਭੇਜ ਦਿੱਤਾ ਗਿਆ। ਇਸ ਦੌਰਾਨ ਉਸਦੇ ਬੱਲੂਆਣਾ ਨਿਵਾਸੀ ਹਰਕਮਲਪ੍ਰੀਤ ਸਿੰਘ ਨਾਲ ਪ੍ਰੇਮ ਸੰਬੰਧ ਬਣ ਗਏ, ਜੋ ਉਸ ਦੇ ਨਾਲ ਹੀ ਕੈਨੇਡਾ ਤੋਂ ਡਿਪੋਰਟ ਹੋਇਆ ਸੀ।
ਮ੍ਰਿਤਕ ਦੀ ਭੈਣ ਮਨਵੀਰ ਕੌਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਭਰਾ ਅਕਸਰ ਹੀ ਰੁਪਿੰਦਰ ਕੌਰ ਅਤੇ ਹਰਕੰਵਲਪ੍ਰੀਤ ਸਿੰਘ ਦੇ ਸੰਬੰਧਾਂ ਬਾਰੇ ਜਾਣਕਾਰੀ ਦਿੰਦਾ ਰਹਿੰਦਾ ਸੀ ਅਤੇ ਉਸ ਨੇ ਖਦਸ਼ਾ ਵੀ ਜ਼ਾਹਿਰ ਕੀਤਾ ਸੀ ਕਿ ਉਸ ਦਾ ਕਤਲ ਕਰਵਾਇਆ ਜਾ ਸਕਦਾ ਹੈ। ਇਕ ਦਿਨ ਪਹਿਲਾਂ ਪਰਿਵਾਰ ਨੂੰ ਗੁਰਵਿੰਦਰ ਸਿੰਘ ਦੀ ਮੌਤ ਦੀ ਸੂਚਨਾ ਮਿਲੀ।
ਮੌਕੇ ’ਤੇ ਪਹੁੰਚਣ ’ਤੇ ਪਤਾ ਲੱਗਿਆ ਕਿ ਉਸ ਦਾ ਕਤਲ ਰੁਪਿੰਦਰ ਕੌਰ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕੀਤਾ ਹੈ। ਕਤਲ ਲਈ ਮ੍ਰਿਤਕ ਨੂੰ ਜਾ ਤਾਂ ਕੋਈ ਜ਼ਹਿਰੀਲੀ ਦਵਾਈ ਦਿੱਤੀ ਗਈ ਜਾਂ ਫਿਰ ਉਸ ਦਾ ਗਲਾ ਘੁਟਿਆ ਗਿਆ ਹੈ।
ਇਸ ਮਾਮਲੇ ’ਚ ਥਾਣਾ ਸਦਰ ਦੀ ਪੁਲਸ ਨੇ ਇਸ ਮਾਮਲੇ ’ਚ ਰੁਪਿੰਦਰ ਕੌਰ ਅਤੇ ਹਰਕਮਲਪ੍ਰੀਤ ਸਿੰਘ ਦੇ ਖਿਲਾਫ਼ ਮੁਕੱਦਮਾ ਦਰਜ ਕਰਦੇ ਹੋਏ ਰੁਪਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ।
Read More : ਸਵਰਗੀ ਪੂਰਨ ਕੁਮਾਰ ਦੇ ਗੰਨਮੈਨ ਵਿਰੁੱਧ ਅਦਾਲਤ ’ਚ ਚਾਰਜਸ਼ੀਟ ਦਾਇਰ
