Delhi Gurdwara Committee

ਦਿੱਲੀ ਗੁਰਦੁਆਰਾ ਕਮੇਟੀ ਨੇ 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਨਗਰ ਕੀਰਤਨ ਸਜਾਇਆ

ਲਾਲ ਕਿਲੇ ’ਤੇ ਇਕ ਲੱਖ ਤੋਂ ਜ਼ਿਆਦਾ ਸਹਿਜ ਪਾਠਾਂ ਦੀ ਹੋਈ ਸੰਪੂਰਨਤਾ

ਦਿੱਲੀ , 25 ਨਵੰਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਦੇ ਅਨਿੰਨ ਸੇਵਕਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ’ਤੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਅਰਦਾਸ ਉਪਰੰਤ ਨਗਰ ਕੀਰਤਨ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਵਿਚ ਆਰੰਭ ਹੋਇਆ।

ਨਗਰ ਕੀਰਤਨ ਦੌਰਾਨ ਸੁੰਦਰ ਪਾਲਕੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੁਸ਼ੋਭਿਤ ਕਰ ਕੇ ਇਹ ਨਗਰ ਕੀਰਤਨ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਸ਼ੁਰੂ ਹੋ ਕੇ ਅਜਮੇਰੀ ਗੇਟ, ਪਹਾੜਗੰਜ, ਨਵੀਂ ਦਿੱਲੀ ਰੇਲਵੇ ਸਟੇਸ਼ਨ, ਕਨਾਟ ਪਲੇਸ, ਬਾਬਾ ਖੜਗ ਸਿੰਘ ਮਾਰਗ ਤੋਂ ਹੁੰਦੇ ਹੋਏ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਪਹੁੰਚ ਕੇ ਸੰਪੰਨ ਹੋਇਆ। ਇਸ ਮੌਕੇ ਲਾਲ ਕਿਲੇ ’ਤੇ ਇਕ ਲੱਖ ਤੋਂ ਜ਼ਿਆਦਾ ਸਹਿਜ ਪਾਠਾਂ ਦੀ ਸੰਪੂਰਨਤਾ ਹੋਈ।

ਇਸ ਬਾਰੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਬਹੁਤ ਹੀ ਵੱਡਾ ਇਤਿਹਾਸਕ ਦਿਹਾੜਾ ਹੈ ਤੇ ਅਸੀਂ ਸਾਰੇ ਵਡਭਾਗੀ ਹਾਂ ਜੋ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾਉਣ ਦਾ ਮੌਕਾ ਮਿਲਿਆ ਹੈ।

ਸਮਾਗਮ ਵਿਚ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ ਅਤੇ ਵਧੀਕ ਹੈੱਡ ਗ੍ਰੰਥੀ ਗੁਰਦਿਆਲ ਸਿੰਘ ਵੀ ਉਚੇਚੇ ਤੌਰ ’ਤੇ ਸ਼ਾਮਲ ਹੋਏ।

Read More : ਬਜ਼ੁਰਗ ਪ੍ਰੋਪਰਟੀ ਡੀਲਰ ਦੀ ਗੋਲੀ ਮਾਰ ਕੇ ਹੱਤਿਆ

Leave a Reply

Your email address will not be published. Required fields are marked *