ਪੁਲਸ ਨੇ ਮਾਮਲਾ ਦਰਜ ਕਰ ਕੇ 5 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ
ਦੀਨਾਨਗਰ, 10 ਨਵੰਬਰ : ਜ਼ਿਲਾ ਗੁਰਦਾਸਪੁਰ ਦੇ ਦੀਨਾਨਗਰ ਇਲਾਕੇ ਦੇ ਪਿੰਡ ਚੌਂਤਾ ’ਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਪਲਾਟ ’ਚ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਹੋਏ ਝਗੜੇ ਦੌਰਾਨ ਕਿਰਚ ਮਾਰ ਕੇ ਹੱਤਿਆ ਕਰ ਦਿੱਤੀ ਹੈ। ਇਸ ਦੌਰਾਨ ਪੁਲਸ ਨੇ ਪੁਲਸ ਨੇ 5 ਲੋਕਾਂ ਖਿਲਾਫ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਮੁਨੀਸ਼ ਕੁਮਾਰ (25) ਤਿੰਨ ਭੈਣਾਂ ਅਤੇ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
ਪਰਿਵਾਰਕ ਮੈਂਬਰਾਂ ਅਨੁਸਾਰ ਤਰਸੇਮ ਲਾਲ ਦਾ ਪੁੱਤਰ ਮੁਨੀਸ਼ ਕੁਮਾਰ ਇਕ ਪ੍ਰਾਈਵੇਟ ਸਕੂਲ ’ਚ ਵੈਨ ਡਰਾਈਵਰ ਵਜੋਂ ਕੰਮ ਕਰਦਾ ਸੀ। ਬੀਤੀ ਰਾਤ ਮੁਨੀਸ਼ ਕੁਮਾਰ ਆਪਣੇ ਪਿਤਾ ਤਰਸੇਮ ਲਾਲ ਨਾਲ ਦੇਵਾ ਸਤਵਾਹ ਸਮਾਰੋਹ ਲਈ ਚੌਂਤਾ ਪਿੰਡ ਦੇ ਰਾਮਲੀਲਾ ਮੈਦਾਨ ’ਚ ਗਿਆ ਸੀ, ਜਦੋਂ ਮੁਨੀਸ਼ ਅਤੇ ਚੌਂਤਾ ਦੇ ਰਹਿਣ ਵਾਲੇ ਮੱਘਰ ਸਿੰਘ ਦੇ ਪੁੱਤਰ ਤਰਸੇਮ ਸਿੰਘ ਵਿਚਕਾਰ ਝਗੜਾ ਹੋ ਗਿਆ।
ਇਸ ਦੌਰਾਨ ਤਰਸੇਮ ਸਿੰਘ ਦੇ ਪਰਿਵਾਰ ਦੀਆਂ ਔਰਤਾਂ ਨੇ ਵੀ ਮੁਨੀਸ਼ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਤਰਸੇਮ ਸਿੰਘ ਨੇ ਮੁਨੀਸ਼ ਕੁਮਾਰ ’ਤੇ ਕਿਰਚ ਨਾਲ ਹਮਲਾ ਕਰ ਦਿੱਤਾ ਅਤੇ ਉਸਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰ ਮੁਨੀਸ਼ ਕੁਮਾਰ ਨੂੰ ਹਸਪਤਾਲ ਲੈ ਗਏ ਪਰ ਉੱਥੇ ਦੇ ਡਾਕਟਰ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ ’ਤੇ ਪੁਲਸ ਤੁਰੰਤ ਮੌਕੇ ’ਤੇ ਪਹੁੰਚ ਗਈ। ਮਾਮਲਾ ਦਰਜ ਕਰਨ ਤੋਂ ਬਾਅਦ ਪੁਲਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਡੀ. ਐੱਸ. ਪੀ. ਰਾਜਿੰਦਰ ਮਨਹਾਸ ਨੇ ਦੱਸਿਆ ਕਿ ਬੀਤੀ ਰਾਤ ਸੂਚਨਾ ਮਿਲਣ ’ਤੇ ਪੁਲਸ ਟੀਮ ਮੌਕੇ ’ਤੇ ਪਹੁੰਚੀ। ਮ੍ਰਿਤਕ ਨੌਜਵਾਨ ਦੇ ਪਿਤਾ ਤਰਸੇਮ ਲਾਲ ਦੇ ਬਿਆਨ ਦੇ ਆਧਾਰ ’ਤੇ ਦੀਨਾਨਗਰ ਥਾਣੇ ’ਚ ਮੱਘਰ ਸਿੰਘ ਦੇ ਪੁੱਤਰ ਤਰਸੇਮ ਸਿੰਘ, ਉਸਦੀ ਪਤਨੀ ਰੇਖਾ ਦੇਵੀ ਅਤੇ ਤਿੰਨ ਧੀਆਂ ਰੋਹਿਣੀ ਦੇਵੀ, ਵਿਨੀਤ ਅਤੇ ਭੂਮਿਕਾ, ਸਾਰੀਆਂ ਚੌਂਤਾ ਦੇ ਵਸਨੀਕਾਂ ਵਿਰੁੱਧ ਆਈਪੀਸੀ ਦੀ ਧਾਰਾ 103, 190, 191 ਅਤੇ (3) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਘਟਨਾ ਦੇ ਡੇਢ ਘੰਟੇ ਦੇ ਅੰਦਰ ਹੀ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਅਦਾਲਤ ਤੋਂ ਰਿਮਾਂਡ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਡੀ. ਐੱਸ. ਪੀ. ਮਨਹਾਸ ਨੇ ਦੱਸਿਆ ਕਿ ਝਗੜੇ ਦਾ ਕਾਰਨ ਇਹ ਸੀ ਕਿ ਮ੍ਰਿਤਕ ਮੁਨੀਸ਼ ਕੁਮਾਰ ਨੇ ਕੁਝ ਦਿਨ ਪਹਿਲਾਂ ਤਰਸੇਮ ਸਿੰਘ ਦੇ ਪਲਾਟ ’ਤੇ ਇਕ ਖਾਲੀ ਜਗ੍ਹਾ ’ਚ ਸਕੂਲ ਵੈਨ ਖੜ੍ਹੀ ਕੀਤੀ ਸੀ, ਜਿਸ ’ਤੇ ਤਰਸੇਮ ਸਿੰਘ ਨੇ ਇਤਰਾਜ ਕੀਤਾ ਸੀ। ਇਸ ਦੁਸ਼ਮਣੀ ਕਾਰਨ ਬੀਤੀ ਰਾਤ ਇਹ ਘਟਨਾ ਵਾਪਰੀ। ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪੁਲਸ ਨੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ।
Read More : ਭੁੱਲਰ ਮਾਮਲਾ : ਸੀ.ਬੀ.ਆਈ. ਨੇ ਵਿਚੋਲੇ ਕ੍ਰਿਸ਼ਨੂ ਦੇ 5 ਬੈਂਕ ਖਾਤੇ ਖੰਗਾਲੇ
