ਭਵਾਨੀਗੜ੍ਹ, 8 ਨਵੰਬਰ : ਇਕ ਟੂਰਨਾਮੈਂਟ ’ਚ ਖੇਡਦੇ ਸਮੇਂ ਭਵਾਨੀਗੜ੍ਹ ਨੇੜੇ ਪਿੰਡ ਬਲਿਆਲ ਦੇ ਜੰਮਪਲ ਕਬੱਡੀ ਖਿਡਾਰੀ ਬਿੱਟੂ ਬਲਿਆਲ ਦੀ ਅਚਾਨਕ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ ਹੈ।
ਪਿੰਡ ਦੇ ਸਰਪੰਚ ਜਗਮੀਤ ਸਿੰਘ ਭੋਲਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਕਬੱਡੀ ਖਿਡਾਰੀ ਬਿੱਟੂ ਬਲਿਆਲ ਬੀਤੇ ਦਿਨ ਜਦੋਂ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਰੂਪਾਹੇੜੀ ਵਿਖੇ ਇਕ ਕਬੱਡੀ ਟੂਰਨਾਮੈਂਟ ’ਚ ਆਪਣੀ ਟੀਮ ਲਈ ਖੇਡ ਰਿਹਾ ਸੀ ਤਾਂ ਇਸ ਦੌਰਾਨ ਮੈਦਾਨ ’ਚ ਰੇਡ ਪਾਉਣ ਤੋਂ ਬਾਅਦ ਅਚਾਨਕ ਉਸ ਦੀ ਸਿਹਤ ਵਿਗੜ ਗਈ ਅਤੇ ਦਿਲ ਦਾ ਦੌਰਾ ਪੈ ਜਾਣ ਕਾਰਨ ਉਸ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਕਬੱਡੀ ਦੀ ਖੇਡ ’ਚ ਵੱਡੀਆਂ ਪ੍ਰਸਿੱਧੀਆਂ ਖੱਟਣ ਵਾਲੇ ਅਤੇ ਪਿੰਡ ਅਤੇ ਇਲਾਕੇ ਦਾ ਨਾਂ ਰੌਸ਼ਨ ਕਰਨ ਵਾਲੇ ਕਬੱਡੀ ਖਿਡਾਰੀ ਬਿੱਟੂ ਬਲਿਆਲ ਨੂੰ ਕੁਝ ਸਮਾਂ ਪਹਿਲਾਂ ਵੀ ਹਾਰਟ ’ਚ ਤਕਲੀਫ ਆਉਣ ਕਾਰਨ ਸਟੰਟ ਪਾਏ ਗਏ ਸਨ ਅਤੇ ਉਸ ਸਮੇਂ ਡਾਕਟਰਾਂ ਵੱਲੋਂ ਉਸ ਨੂੰ ਕਬੱਡੀ ਖੇਡਣ ਤੋਂ ਮਨ੍ਹਾ ਵੀ ਕੀਤਾ ਸੀ ਪਰ ਕਬੱਡੀ ਦਾ ਬਹੁਤ ਜ਼ਿਆਦਾ ਜਨੂਨ ਹੋਣ ਦੇ ਨਾਲ-ਨਾਲ ਕਮਾਈ ਦਾ ਹੋਰ ਕੋਈ ਵੀ ਸਾਧਨ ਨਾ ਹੋਣ ਕਾਰਨ ਮਾੜੀ ਆਰਥਿਕ ਹਾਲਤ ਹੋਣ ’ਤੇ ਪਰਿਵਾਰ ਦਾ ਗੁਜਾਰਾ ਚਲਾਉਣ ਲਈ ਉਸ ਵੱਲੋਂ ਮਜਬੂਰੀ ’ਚ ਆਪਣੀ ਇਸ ਬੀਮਾਰੀ ਨੂੰ ਅਣਦੇਖਾ ਕਰ ਕੇ ਕਬੱਡੀ ਖੇਡੀ ਜਾ ਰਹੀ ਸੀ।
ਪਿੰਡ ਵਾਸੀਆਂ ਅਤੇ ਸਾਥੀ ਖਿਡਾਰੀਆਂ ਨੇ ਸਰਕਾਰ ਅੱਗੇ ਅਪੀਲ ਕੀਤੀ ਕਿ ਪਰਿਵਾਰ ਦੀ ਵੱਧ ਤੋਂ ਵੱਧ ਆਰਥਿਕ ਸਹਾਇਤ ਕਰਨ ਦੇ ਨਾਲ ਨਾਲ ਉਸ ਦੀ ਪਤਨੀ ਅਤੇ ਭੈਣ ਦੋਵਾਂ ਨੂੰ ਕੋਈ ਸਰਕਾਰੀ ਨੌਕਰੀ ਦਿੱਤੀ ਜਾਵੇ।
Read More : ਐਡਵੋਕੇਟ ਧਾਮੀ ਨੇ ਬਾਬਾ ਅਵਤਾਰ ਸਿੰਘ ਸੁਰਸਿੰਘ ਨਾਲ ਕੀਤੀ ਮੁਲਾਕਾਤ
