Accident

ਖੜ੍ਹੇ ਟਰਾਲੇ ’ਚ ਵੱਜੀ ਬੱਸ, 18 ਸ਼ਰਧਾਲੂਆਂ ਦੀ ਮੌਤ

ਜੋਧਪੁਰ, 2 ਨਵੰਬਰ : ਫਲੋਦੀ ਜ਼ਿਲੇ ਦੇ ਮਟੋਦਾ ਖੇਤਰ ’ਚ ਐਤਵਾਰ ਰਾਤ ਨੂੰ ਇਕ ਭਿਆਨਕ ਸੜਕ ਹਾਦਸੇ ’ਚ ਇਕ ਸੈਲਾਨੀ ਬੱਸ ਦੇ ਖੜ੍ਹੇ ਟਰਾਲੇ ਨਾਲ ਟਕਰਾ ਜਾਣ ਕਾਰਨ 18 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 3-4 ਲੋਕ ਗੰਭੀਰ ਜ਼ਖਮੀ ਹੋ ਗਏ। ਇਸ ਹਾਦਸੇ ਕਾਰਨ ਘਟਨਾ ਸਥਾਨ ’ਤੇ ਦਹਿਸ਼ਤ ਅਤੇ ਹਫੜਾ-ਦਫੜੀ ਮਚ ਗਈ।

ਜਾਣਕਾਰੀ ਅਨੁਸਾਰ ਬੱਸ ਜੋਧਪੁਰ ਦੇ ਸੁਰਸਾਗਰ ਖੇਤਰ ਤੋਂ ਸ਼ਰਧਾਲੂਆਂ ਨੂੰ ਬੀਕਾਨੇਰ ਦੇ ਕੋਲਾਇਤ ਲਈ ਲਿਜਾ ਰਹੀ ਸੀ। ਵਾਪਸ ਆਉਂਦੇ ਸਮੇਂ ਇਹ ਮਟੋਦਾ ਖੇਤਰ ਵਿਚ ਸੜਕ ਕੰਢੇ ਖੜ੍ਹੇ ਇਕ ਟਰਾਲੇ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਕਈ ਯਾਤਰੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸਾਰੇ ਮ੍ਰਿਤਕ ਜੋਧਪੁਰ ਦੇ ਸੁਰਸਾਗਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।

ਸੂਚਨਾ ਮਿਲਣ ’ਤੇ ਮਟੋਦਾ ਪੁਲਸ ਸਟੇਸ਼ਨ ਦੇ ਅਧਿਕਾਰੀ ਅਮਨਾਰਮ ਪੁਲਸ ਟੀਮ ਨਾਲ ਮੌਕੇ ’ਤੇ ਪਹੁੰਚੇ। ਪਿੰਡ ਵਾਸੀਆਂ ਦੀ ਮਦਦ ਨਾਲ ਜ਼ਖਮੀਆਂ ਨੂੰ ਬਚਾਇਆ ਗਿਆ ਅਤੇ ਮੁੱਢਲੀ ਸਹਾਇਤਾ ਤੋਂ ਬਾਅਦ ਜੋਧਪੁਰ ਰੈਫਰ ਕਰ ਦਿੱਤਾ ਗਿਆ। ਸਟੇਸ਼ਨ ਅਫਸਰ ਅਮਨਾਰਮ ਨੇ 18 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਚਸ਼ਮਦੀਦਾਂ ਅਨੁਸਾਰ ਸੈਲਾਨੀ ਬੱਸ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਅਤੇ ਅਚਾਨਕ ਕੰਟਰੋਲ ਗੁਆ ਬੈਠੀ।

ਹਾਦਸੇ ਤੋਂ ਬਾਅਦ ਬੱਸ ਅੰਦਰ ਫਸੇ ਯਾਤਰੀਆਂ ਨੂੰ ਬਚਾਉਣ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ। ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Read More : ਮਿਸ਼ਨ ਰੁਜ਼ਗਾਰ ਤਹਿਤ ਹੁਣ ਤੱਕ 56,000 ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ : ਭਗਵੰਤ ਮਾਨ

Leave a Reply

Your email address will not be published. Required fields are marked *