ਕਪੂਰਥਲਾ, 29 ਅਕਤੂਬਰ : ਕਪੂਰਥਲਾ ਪੁਲਸ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਵਾਲੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਅਨੁਸਾਰ ਕਪੂਰਥਲਾ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਰਾਜਾ ਪੁੱਤਰ ਪਾਲਾ ਵਾਸੀ ਮੁਸ਼ਕਵੇਦ ਥਾਣਾ ਕੋਤਵਾਲੀ ਕਪੂਰਥਲਾ ਜੋ ਕਿ ਨਿਊ ਆਰਮੀ ਕੈਂਟ ’ਚ ਪ੍ਰਾਈਵੇਟ ਤੌਰ ’ਤੇ ਸਫਾਈ ਸੇਵਕ ਦਾ ਕੰਮ ਕਰਦਾ ਹੈ, ਜੋ ਕਿ ਗੁਆਂਢੀ ਦੁਸ਼ਮਣ ਦੇਸ਼ ਪਾਕਿਸਤਾਨ ’ਚ ਜੁੜੇ ਲੋਕਾਂ ਨਾਲ ਸੰਪਰਕ ਕਾਇਮ ਕਰ ਕੇ ਆਪਣੇ ਮੋਬਾਈਲ ਫੋਨ ਦੇ ਮਾਰਫਤ ਆਰਮੀ ਕੈਂਟ ਏਰੀਆ ’ਚ ਫੋਟੋ ਖਿੱਚ ਕੇ ਭੇਜ ਰਿਹਾ ਹੈ ਤੇ ਆਰਮੀ ਦੇ ਸੀਕਰੇਟ ਪਲਾਨ ਦੇ ਬਾਰੇ ਪਾਕਿਸਤਾਨ ’ਚ ਬੈਠੇ ਸਾਡੇ ਦੇਸ਼ ਵਿਰੋਧੀ ਵਿਅਕਤੀਆਂ ਨੂੰ ਜਾਣਕਾਰੀ ਮੁਹੱਈਆ ਕਰਵਾ ਰਿਹਾ ਹੈ।
ਇਸ ਨਾਲ ਸਾਡੇ ਦੇਸ਼ ਦੀ ਸੁਰੱਖਿਆ, ਏਕਤਾ ਤੇ ਅਖੰਡਤਾ ਨੂੰ ਖ਼ਤਰਾ ਹੋ ਸਕਦਾ ਹੈ ਤੇ ਮੁਲਜ਼ਮ ਰਾਜਾ ਪਾਕਿਸਤਾਨ ਨੂੰ ਆਰਮੀ ਦੀਆਂ ਸਾਰੀਆਂ ਯੋਜਨਾਵਾਂ ਦੇ ਸਬੰਧ ’ਚ ਜਾਸੂਸੀ ਕਰ ਰਿਹਾ ਹੈ। ਪੁਲਸ ਨੂੰ ਇਹ ਵੀ ਸੂਚਨਾ ਮਿਲੀ ਕਿ ਰਾਜਾ ਨੂੰ ਆਪਣੀ ਜਾਸੂਸੀ ਲਈ ਪਾਕਿਸਤਾਨ ਤੋਂ ਕਾਫ਼ੀ ਪੈਸੇ ਮਿਲਦੇ ਸਨ।
ਐੱਸ. ਐੱਸ.ਪੀ. ਗੌਰਵ ਤੂਰਾ ਨੇ ਤੁਰੰਤ ਕਾਰਵਾਈ ਕਰਦਿਆਂ ਐੱਸ. ਪੀ. (ਡੀ.) ਪ੍ਰਭਜੋਤ ਸਿੰਘ ਵਿਰਕ ਅਤੇ ਡੀ.ਐੱਸ.ਪੀ. ਸਬ ਡਿਵੀਜ਼ਨ ਸ਼ੀਤਲ ਸਿੰਘ ਦੀ ਵਿਸ਼ੇਸ਼ ਟੀਮ ਬਣਾਈ ਅਤੇ ਮੁਲਜ਼ਮ ਦੀ ਤੁਰੰਤ ਗ੍ਰਿਫ਼ਤਾਰੀ ਦੇ ਹੁਕਮ ਦਿੱਤੇ। ਇਸ ਕਾਰਵਾਈ ਦੇ ਆਧਾਰ ’ਤੇ ਮੁਲਜ਼ਮ ਰਾਜਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਰਾਜਾ ਆਰਮੀ ਕੈਂਟ ’ਚ ਠੇਕੇ ’ਤੇ ਇਕ ਨਿੱਜੀ ਸਫਾਈ ਕਰਮਚਾਰੀ ਵਜੋਂ ਕੰਮ ਕਰਦਾ ਸੀ ਅਤੇ ਫੌਜੀ ਖੇਤਰਾਂ ਦੀਆਂ ਸੰਵੇਦਨਸ਼ੀਲ ਤਸਵੀਰਾਂ ਪਾਕਿਸਤਾਨ ਭੇਜ ਰਿਹਾ ਸੀ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਨੂੰ ਪਾਕਿਸਤਾਨ ਤੋਂ ਹਵਾਲਾ ਰਾਹੀਂ ਕਾਫ਼ੀ ਪੈਸੇ ਮਿਲ ਰਹੇ ਸਨ। ਰਾਜਾ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸਨੂੰ 3 ਦਿਨਾਂ ਦੀ ਪੁਲਸ ਹਿਰਾਸਤ ਵਿਚ ਭੇਜ ਦਿੱਤਾ।
ਇਸ ਮਾਮਲੇ ’ਚ ਐੱਸ. ਐੱਸ. ਪੀ. ਗੌਰਵ ਤੂਰਾ ਦੀ ਨਿਗਰਾਨੀ ਹੇਠ ਮੁਲਜ਼ਮ ਤੋਂ ਪੁੱਛਗਿੱਛ ਜਾਰੀ ਹੈ। ਪੁੱਛਗਿੱਛ ਦੌਰਾਨ ਕਈ ਸਨਸਨੀਖੇਜ਼ ਖੁਲਾਸੇ ਹੋਣ ਦੀ ਸੰਭਾਵਨਾ ਹੈ।
Read More : ਛੱਪੜ ਵਿਚ ਨਹਾਉਂਦੇ ਸਮੇਂ 4 ਨਾਬਾਲਿਗ ਲੜਕੀਆਂ ਸਮੇਤ 5 ਦੀ ਮੌਤ
