ਪਿੰਡ ਗੁੱਜਰਾਂ ਵਿਖੇ ਬਣੇਗਾ ਨਵਾਂ ਪੰਚਾਇਤ ਘਰ
ਦਿੜ੍ਹਬਾ, 26 ਅਕਤੂਬਰ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰੇਕ ਖੇਤ ਨੂੰ ਨਹਿਰੀ ਪਾਣੀ ਦੀ ਸਹੂਲਤ ਨਾਲ ਜੋੜਨ ਲਈ ਸ਼ੁਰੂ ਕੀਤੇ ਗਏ ਉਪਰਾਲੇ ਤਹਿਤ ਅੱਜ ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਿੰਡ ਮੌੜਾਂ ਵਿੱਚ ਜ਼ਮੀਨਦੋਜ਼ ਪਾਈਪਾਂ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ। ਇਸ ਤੋਂ ਇਲਾਵਾ ਉਨ੍ਹਾਂ ਨੇ ਪਿੰਡ ਗੁੱਜਰਾਂ ਵਿਖੇ ਪੰਚਾਇਤ ਘਰ ਦੇ ਕੰਮ ਦੀ ਵੀ ਸ਼ੁਰੂਆਤ ਕਰਵਾਈ।
ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਅੱਜ ਸਾਂਝਾ ਜ਼ਮੀਨਦੋਜ਼ ਪਾਈਪਲਾਈਨ ਦੇ ਸਿੰਚਾਈ ਪ੍ਰੋਜੈਕਟ ਮੋਘਾ ਨੰਬਰ 14428/ਟੀ.ਆਰ., ਪਿੰਡ ਮੌੜਾ, ਤਹਿਸੀਲ ਦਿੜ੍ਹਬਾ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਸ ਪ੍ਰੋਜੈਕਟ ਦੀ ਉਸਾਰੀ ਉਤੇ ਕੁੱਲ ਲਾਗਤ 143.45 ਲੱਖ ਰੁਪਏ ਖਰਚ ਆਵੇਗੀ, ਜਿਸ ਵਿੱਚੋਂ 143.45 ਲੱਖ ਰੁਪਏ ਸਬਸਿਡੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇਗੀ। ਇਸ ਪ੍ਰੋਜੈਕਟ ਅਧੀਨ 134.80 ਹੈਕਟੇਅਰ ਰਕਬਾ ਖੇਤਾਂ ਦੀ ਸਿੰਚਾਈ ਲਈ ਕਵਰ ਕੀਤਾ ਜਾਵੇਗਾ, ਜਿਹਨਾਂ ਨਾਲ 125 ਪਰਿਵਾਰਾਂ ਨੂੰ ਲਾਭ ਮਿਲੇਗਾ।
ਉਨ੍ਹਾਂ ਕਿਹਾ ਕਿ ਖੇਤਾਂ ਦੀ ਸਿੰਚਾਈ ਅਤੇ ਫਸਲਾਂ ਦੀ ਪੈਦਾਵਾਰ ਵਿੱਚ ਵਾਧਾ ਕਰਨ ਲਈ ਨਹਿਰੀ ਪਾਣੀ ਬਹੁਤ ਲਾਹੇਵੰਦ ਹੈ। ਨਹਿਰੀ ਪਾਣੀ ਮਿਲਣ ਨਾਲ ਕਿਸਾਨਾਂ ਦੀ ਫਸਲ ਦੀ ਪੈਦਾਵਾਰ ਵਿਚ ਵਾਧਾ ਹੋਵੇਗਾ ਅਤੇ ਧਰਤੀ ਹੇਠਲੇ ਪਾਣੀ ਦੀ 20 ਤੋਂ 30 ਪ੍ਰਤੀਸ਼ਤ ਤੱਕ ਬਚਤ ਹੋਵੇਗੀ। ਉਨ੍ਹਾਂ ਵੱਲੋਂ ਕਿਸਾਨਾਂ ਨੂੰ ਨਹਿਰੀ ਪਾਣੀ ਨੂੰ ਵੱਧ ਤੋਂ ਵੱਧ ਵਰਤਣ ਦਾ ਸੁਨੇਹਾ ਦਿੱਤਾ ਤਾਂ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁਕਿਆ ਜਾ ਸਕੇ।
ਇਸ ਤੋਂ ਉਪਰੰਤ ਉਨ੍ਹਾਂ ਨੇ ਪਿੰਡ ਗੁੱਜਰਾਂ ਵਿਖੇ 25 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਪੰਚਾਇਤ ਘਰ ਦੇ ਕੰਮ ਦੀ ਵੀ ਸ਼ੁਰੂਆਤ ਕਰਵਾਈ। ਉਨ੍ਹਾਂ ਕਿਹਾ ਕਿ ਪੰਚਾਇਤ ਘਰ ਦੀ ਸ਼ਾਨਦਾਰ ਇਮਾਰਤ ਵਿਚ ਸਰਪੰਚ ਦਫ਼ਤਰ ਸਮੇਤ ਵਧੀਆ ਵੱਡਾ ਕਮਰਾ ਅਤੇ ਵਾਸ਼ਰੂਮ ਬਣਾਏ ਜਾਣਗੇ। ਇਸ ਪਿੰਡ ਵਿਚ ਪੰਚਾਇਤ ਘਰ ਬਣਾਉਣ ਦੀ ਲੰਮੇ ਸਮੇਂ ਦੀ ਮੰਗ ਸੀ।
ਉਨ੍ਹਾਂ ਕਿਹਾ ਕਿ ਦੋਵਾਂ ਪਿੰਡਾਂ ਦੇ ਵਾਸੀਆਂ ਦੀ ਮੰਗ ਨੂੰ ਅੱਜ ਪੂਰਾ ਕੀਤਾ ਗਿਆ ਹੈ। ਜਿਹੜੇ ਕੰਮ ਪਿਛਲੇ 75 ਸਾਲਾਂ ਵਿਚ ਨਹੀਂ ਹੋਏ ਉਹ ਅੱਜ ਪਹਿਲ ਦੇ ਆਧਾਰ ਉੱਤੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਅਗਲੇ ਇਕ ਸਾਲ ਵਿਚ ਇਲਾਕੇ ਦਾ ਕੋਈ ਵੀ ਕੰਮ ਬਕਾਇਆ ਨਹੀਂ ਰਹੇਗਾ।
ਇਸ ਮੌਕੇ ਤਪਿੰਦਰ ਸਿੰਘ ਸੋਹੀ ਓ ਐਸ ਡੀ ਵਿੱਤ ਮੰਤਰੀ, ਜਸਵੀਰ ਕੌਰ ਸ਼ੇਰਗਿੱਲ ਚੇਅਰਪਰਸਨ ਮਾਰਕੀਟ ਕਮੇਟੀ ਦਿੜ੍ਹਬਾ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਹਾਜ਼ਰ ਸਨ।
Read More : ਬਿਨਾਂ ਮਲਕੀਅਤ 100 ਏਕੜ ਜ਼ਮੀਨ ਦਾ ਸੌਦਾ ਕਰ ਕੇ ਮਾਰੀ 50 ਲੱਖ ਦੀ ਠੱਗੀ
