Baltej-Pannu

ਸਭ ਤੋਂ ਹੇਠਲੇ ਪੱਧਰ ’ਤੇ ਡਿੱਗੀਆਂ ਵਿਰੋਧੀ ਪਾਰਟੀਆਂ : ਬਲਤੇਜ ਪੰਨੂ

ਕਿਹਾ-ਮੋਹਾਲੀ ਦੀ ਅਦਾਲਤ ਨੇ ਮੁੱਖ ਮੰਤਰੀ ਦੀ ਵਾਇਰਲ ਵੀਡੀਓ ਨੂੰ ਦੱਸਿਆ ਫ਼ਰਜ਼ੀ, 24 ਘੰਟਿਆਂ ਅੰਦਰ ਹਟਾਉਣ ਦੇ ਦਿੱਤੇ ਹੁਕਮ

ਚੰਡੀਗੜ੍ਹ, 23 ਅਕਤੂਬਰ : ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਪੰਨੂ ਨੇ ਵਿਰੋਧੀ ਪਾਰਟੀਆਂ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨਾ ਬਣਾ ਕੇ ਇਕ ਜਾਅਲੀ ਵੀਡੀਓ ਵਾਇਰਲ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਨੇ ਇਸ ਨੂੰ ਚਰਿੱਤਰ ਹੱਤਿਆ, ਬੇਚੈਨ ਕੋਸ਼ਿਸ਼ ਤੇ ਸਿਆਸੀ ਵਿਰੋਧੀਆਂ ਦੀ ਸਾਜ਼ਿਸ਼ ਦੱਸਿਆ, ਜੋ ਪੰਜਾਬ ’ਚ ‘ਆਪ’ ਦੇ ਲੱਗਭਗ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਭ੍ਰਿਸ਼ਟਾਚਾਰ ਜਾਂ ਗ਼ਲਤ ਕੰਮ ਦੀ ਇਕ ਵੀ ਉਦਾਹਰਣ ਨਹੀਂ ਲੱਭ ਸਕੇ।

ਵੀਰਵਾਰ ਨੂੰ ਚੰਡੀਗੜ੍ਹ ’ਚ ਪਾਰਟੀ ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਬਲਤੇਜ ਪੰਨੂ ਨੇ ਕਿਹਾ ਕਿ ਮੋਹਾਲੀ ਅਦਾਲਤ ਨੇ ਵਾਇਰਲ ਵੀਡੀਓ ਨੂੰ ਸਪੱਸ਼ਟ ਤੌਰ ’ਤੇ ਜਾਅਲੀ ਐਲਾਨਿਆ ਹੈ ਤੇ ਨਿਰਦੇਸ਼ ਦਿੱਤਾ ਹੈ ਕਿ ਅਜਿਹੇ ਸਾਰੀਆਂ ਵੀਡੀਓਜ਼ 24 ਘੰਟਿਆਂ ਦੇ ਅੰਦਰ ਹਰ ਪਲੇਟਫਾਰਮ (ਫੇਸਬੁੱਕ ਤੇ ਗੂਗਲ) ਤੋਂ ਹਟਾ ਦਿੱਤੀਆਂ ਜਾਣ। ਅਦਾਲਤ ਨੇ ਇਹ ਵੀ ਹੁਕਮ ਦਿੱਤਾ ਹੈ ਕਿ ਵੀਡੀਓ ਸਰਚ ਨਤੀਜਿਆਂ ’ਚ ਵੀ ਦਿਖਾਈ ਨਾ ਦੇਵੇ ਅਤੇ ਚਿਤਾਵਨੀ ਦਿੱਤੀ ਹੈ ਕਿ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਮੋਹਾਲੀ ਅਦਾਲਤ ਦਾ ਫ਼ੈਸਲਾ ਸਪੱਸ਼ਟ ਹੈ, ਵੀਡੀਓ ਨਕਲੀ, ਦੁਰਭਾਵਨਾਪੂਰਨ ਹੈ ਤੇ ਮੁੱਖ ਮੰਤਰੀ ਦੇ ਅਕਸ ਨੂੰ ਖ਼ਰਾਬ ਕਰਨ ਦੀ ਜਾਣ-ਬੁੱਝ ਕੇ ਕੀਤੀ ਗਈ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਇਸ ਜਾਅਲੀ ਸਮੱਗਰੀ ਨੂੰ ਫੈਲਾਉਣ ਲਈ ਜ਼ਿੰਮੇਵਾਰ ਵਿਅਕਤੀ ਕੈਨੇਡਾ ’ਚ ਰਹਿੰਦਾ ਹੈ ਅਤੇ ਪਹਿਲਾਂ ਹੀ ਧੋਖਾਧੜੀ ਦੇ ਕਈ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਇਹ ਉਹੀ ਵਿਅਕਤੀ ਹੈ, ਜਿਸ ਨੇ ਪਹਿਲਾਂ ਇਕ ਕੇਂਦਰੀ ਮੰਤਰੀ ਵਿਰੁੱਧ ਇਸੇ ਤਰ੍ਹਾਂ ਦੀਆਂ ਚਾਲਾਂ ਦੀ ਕੋਸ਼ਿਸ਼ ਕੀਤੀ ਸੀ।

ਉਨ੍ਹਾਂ ਦੱਸਿਆ ਕਿ ਕਿਵੇਂ ਭਾਜਪਾ ਨਾਲ ਜੁੜੇ ਦਰਜਨਾਂ ਸੋਸ਼ਲ ਮੀਡੀਆ ਖਾਤਿਆਂ ਨੇ ਬਦਨਾਮ ਕਰਨ ਵਾਲੀ ਮੁਹਿੰਮ ਤਹਿਤ ਜਾਅਲੀ ਵੀਡੀਓ ਨੂੰ ਫੈਲਾਇਆ।

ਉਨ੍ਹਾਂ ਕਿਹਾ ਕਿ ਵੀਡੀਓ ਸਾਂਝਾ ਕਰਨ ਵਾਲੇ ਖਾਤੇ ਜਾਂ ਤਾਂ ਸਿੱਧੇ ਤੌਰ ’ਤੇ ਭਾਜਪਾ ਦੇ ਅਹੁਦੇਦਾਰਾਂ ਦੁਆਰਾ ਪ੍ਰਬੰਧਤ ਕੀਤੇ ਜਾਂਦੇ ਹਨ ਜਾਂ ਸੀਨੀਅਰ ਭਾਜਪਾ ਨੇਤਾ ਦੁਆਰਾ ਫਾਲੋ ਕੀਤੇ ਜਾਂਦੇ ਹਨ, ਜਿਨ੍ਹਾਂ ’ਚ ਅਸ਼ਵਨੀ ਸ਼ਰਮਾ (ਪੰਜਾਬ ਭਾਜਪਾ ਕਾਰਜਕਾਰੀ ਪ੍ਰਧਾਨ), ਅਜੈ ਸਹਿਰਾਵਤ (ਭਾਜਪਾ ਦਿੱਲੀ ਬੁਲਾਰੇ), ਪੱਲਵੀ ਸੀ.ਟੀ. (ਪੀ.ਐੱਮ. ਮੋਦੀ ਦੁਆਰਾ ਫਾਲੋ), ਸੁਨੀਲ ਬਿਸ਼ਨੋਈ (ਭਾਜਪਾ ਸੋਸ਼ਲ ਮੀਡੀਆ ਇੰਚਾਰਜ, ਨਾਗੌਰ), ਕਪਿਲ ਮਿਸ਼ਰਾ (ਭਾਜਪਾ ਨੇਤਾ, ਦਿੱਲੀ), ਆਨੰਦ ਕ੍ਰਿਸ਼ਨਾ (ਭਾਜਪਾ ਮੈਂਬਰ), ਮਨੀਸ਼ ਕੁਮਾਰ (ਐਡਵੋਕੇਟ, ਰੇਲ ਮੰਤਰਾਲਾ), ਆਲੋਕ ਕੁਮਾਰ (ਸੋਸ਼ਲ ਮੀਡੀਆ ਅਤੇ ਆਈ.ਟੀ. ਸੈੱਲ ਇੰਚਾਰਜ, ਯੂਪੀ) ਸ਼ਾਮਲ ਹਨ।

ਇਨ੍ਹਾਂ ਦਾ ਇਕੋ-ਇੱਕ ਮਕਸਦ ਜਨਤਾ ਨੂੰ ਗੁੰਮਰਾਹ ਕਰਨਾ ਤੇ ਜਾਅਲੀ ਸਮੱਗਰੀ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਫ਼ ਤੇ ਭਰੋਸੇਯੋਗ ਅਕਸ ਨੂੰ ਨੁਕਸਾਨ ਪਹੁੰਚਾਉਣਾ ਹੈ।

ਉਨ੍ਹਾਂ ਭਾਜਪਾ ਦੇ ਪੰਜਾਬ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਸਖ਼ਤ ਨਿਖੇਧੀ ਕੀਤੀ, ਜਿਨ੍ਹਾਂ ਨੇ ਸਵਾਲ ਕੀਤਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੁੱਦੇ ’ਤੇ ਜਨਤਕ ਤੌਰ ’ਤੇ ਜਵਾਬ ਕਿਉਂ ਨਹੀਂ ਦਿੱਤਾ। ਅਦਾਲਤ ਦਾ ਫ਼ੈਸਲਾ ਕੱਲ ਹੀ ਆਇਆ ਸੀ।

ਉਨ੍ਹਾਂ ਕਿਹਾ ਕਿ ਹੁਣ ਜਦੋਂ ਅਦਾਲਤ ਨੇ ਖੁਦ ਵੀਡੀਓ ਨੂੰ ਜਾਅਲੀ ਐਲਾਨ ਦਿੱਤਾ ਹੈ ਤੇ ਇਸ ਨੂੰ ਹਟਾਉਣ ਦਾ ਹੁਕਮ ਦਿੱਤਾ ਹੈ ਤਾਂ ਸ਼ਾਇਦ ਸ਼ਰਮਾ ਨੂੰ ਉਨ੍ਹਾਂ ਲੋਕਾਂ ਤੋਂ ਸਵਾਲ ਕਰਨਾ ਚਾਹੀਦਾ ਹੈ, ਜਿਨ੍ਹਾਂ ਨੇ ਇਸ ਨੂੰ ਬਣਾਇਆ ਤੇ ਪ੍ਰਸਾਰਿਤ ਕੀਤਾ।

Read More : ਗ੍ਰੰਥੀ ਸਿੰਘ ਦਾ ਗੋਲੀਆਂ ਮਾਰ ਕੇ ਕਤਲ

Leave a Reply

Your email address will not be published. Required fields are marked *