ਗੰਦਕ ਅਤੇ ਪੌਟਾਸ਼ ਤੋਂ ਪਟਾਕੇ ਬਣਾਉਂਦੇ ਸਮੇਂ ਵਾਪਰੀ ਘਟਨਾ
ਡੇਰਾ ਬਾਬਾ ਨਾਨਕ, 22 ਅਕਤੂਬਰ : ਬੀਤੀ ਰਾਤ ਜ਼ਿਲਾ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਧਰਮਾਬਾਦ ’ਚ ਦੀਵਾਲੀ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ’ਚ ਬਦਲ ਗਈਆਂ, ਜਦ ਗੰਦਕ ਅਤੇ ਪੌਟਾਸ਼ ਤੋਂ ਪਟਾਕੇ ਬਣਾਉਂਦੇ ਸਮੇਂ ਬਲਾਸਟ ਹੋ ਗਿਆ, ਜਿਸ ’ਚ ਇਕੋ ਪਰਿਵਾਰ ਦੇ 7 ਲੋਕ ਗੰਭੀਰ ਜ਼ਖਮੀ ਹੋ ਗਏ, ਜਦਕਿ ਉਨ੍ਹਾਂ ’ਚੋਂ ਬਾਅਦ ’ਚ ਇਕ ਨੌਜਵਾਨ ਦੀ ਮੌਤ ਹੋ ਗਈ। ਇਹ ਬਲਾਸਟ ਇਨ੍ਹਾਂ ਜਬਰਦਸਤ ਸੀ ਕਿ ਇਸ ਨਾਲ ਗੁਆਢ ਦੇ ਕੁਝ ਘਰਾਂ ਦੇ ਸ਼ੀਸ਼ੇ ਤੱਕ ਵੀ ਟੁੱਟ ਗਏ।
ਇਸ ਸਬੰਧੀ ਥਾਣਾ ਡੇਰਾ ਬਾਬਾ ਨਾਨਕ ਦੇ ਐੱਸ. ਐੱਚ. ਓ. ਅਸ਼ੋਕ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਧਰਮਾਬਾਦ ’ਚ ਸਥਿਤ ਇਕ ਘਰ ’ਚ ਕੁਝ ਪਰਿਵਾਰਕ ਮੈਂਬਰਾਂ ਵੱਲੋਂ ਦੀਵਾਲੀ ਦੇ ਮੌਕੇ ’ਤੇ ਪਟਾਕੇ ਚਲਾਏ ਜਾ ਰਹੇ ਸਨ। ਇਸ ਦੌਰਾਨ 2 ਨੌਜਵਾਨ ਗੰਦਕ ਅਤੇ ਪੌਟਾਸ਼ ਤੋਂ ਪਟਾਕੇ ਬਣਾ ਰਹੇ ਸਨ ਕਿ ਅਚਾਨਕ ਭਿਆਨਕ ਬਲਾਸਟ ਹੋ ਗਿਆ, ਜਿਸ ’ਚੋਂ 2 ਔਰਤਾਂ ਸਮੇਤ 7 ਲੋਕ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਥਾਨਕ ਲੋਕਾਂ ਵੱਲੋਂ ਅੰਮ੍ਰਿਤਸਰ ਦੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਘਟਨਾ ’ਚ ਲਵਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ, ਮਨਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ, ਅੰਮ੍ਰਿਤਪਾਲ ਪੁੱਤਰ ਗੁਰਨਾਮ ਸਿੰਘ, ਮਨਜੀਤ ਕੌਰ ਪਤਨੀ ਗੁਰਨਾਮ ਸਿੰਘ ਵਾਸੀ ਧਰਮਾਬਾਦ, ਹਰਜਿੰਦਰ ਸਿੰਘ ਵਾਸੀ ਮੂਲਾ ਸੁਨੱਈਆ, ਅਮਰਬੀਰ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਪਿੰਡ ਝੰਗੀ, ਅਮਨਦੀਪ ਕੌਰ ਪਤਨੀ ਹਰਜਿੰਦਰ ਸਿੰਘ ਗੰਭੀਰ ਜ਼ਖਮੀ ਹੋਏ ਹਨ। ਇਸ ਘਟਨਾ ਤੋਂ ਬਾਅਦ ਮਨਪ੍ਰੀਤ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਪੁਲਸ ਪਾਰਟੀ ਸਮੇਤ ਘਟਨਾ ਸਥਲ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਫੋਰੈਂਸਿਕ ਦੀ ਟੀਮ ਨੂੰ ਵੀ ਬੁਲਾਇਆ ਗਿਆ ਹੈ ਅਤੇ ਟੀਮ ਵਲੋਂ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਹੀ ਹੈ।
Read More : ਦੀਵਾਲੀ ਵਾਲੇ ਦਿਨ ਵਾਪਰਿਆ ਦਰਦਨਾਕ ਹਾਦਸਾ