ਅਜਨਾਲਾ, 4 ਅਕਤੂਬਰ : ਮੌਸਮ ਵਿਭਾਗ ਵਲੋਂ ਪੰਜਾਬ ਅਤੇ ਨਾਲ ਲੱਗਦੇ ਰਾਜਾਂ ਦੇ ਕੁੱਝ ਹਿੱਸਿਆਂ ਵਿੱਚ ਬਾਰਿਸ਼ ਦੀ ਸੰਭਾਵਨਾ ਨੂੰ ਮੁੱਖ ਰੱਖਦੇ ਹੋਏ ਅੱਜ ਅਜਨਾਲਾ ਹਲਕੇ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਰਾਵੀ ਦਰਿਆ ਦੇ ਨੇੜਲੇ ਇਲਾਕੇ ਸਮੇਤ ਪਿੰਡ ਘੋਨੇਵਾਲ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਮੀਂਹ ਦੌਰਾਨ ਡੈਮਾਂ ਤੋਂ ਪਾਣੀ ਛੱਡਣ ਕਾਰਨ ਰਾਵੀ ਅਤੇ ਬਿਆਸ ਦਰਿਆ ਦੇ ਪਾਣੀ ਦੇ ਪੱਧਰ ਵਿੱਚ ਕੁੱਝ ਉਤਾਰ ਚੜਾਅ ਹੋ ਸਕਦਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਿਲਹਾਲ ਰਾਵੀ ਅਤੇ ਬਿਆਸ ਵਿੱਚ ਪਾਣੀ ਬਿਲਕੁਲ ਕੰਟਰੋਲ ਵਿੱਚ ਅਤੇ ਆਪਣੀ ਕ੍ਰੀਕ ਵਿੱਚ ਚੱਲ ਰਿਹਾ ਹੈ ਪਰ ਪਹਾੜਾਂ ਵਿੱਚ ਮੀਂਹ ਪੈਣ ਦੀ ਸੰਭਾਵਨਾਵਾਂ ਕਾਰਨ ਡੈਮਾਂ ਤੋਂ ਪਾਣੀ ਛੱਡਿਆ ਗਿਆ ਹੈ, ਜਿਸ ਕਾਰਨ ਪਾਣੀ ਦਾ ਪੱਧਰ ਵੱਧ ਸਕਦਾ ਹੈ, ਇਸ ਲਈ ਘੋਨੇਵਾਲ ਵਿਖੇ ਪਾਣੀ ਦੇ ਸਹੀ ਪੱਧਰ ਦੀ ਜਾਂਚ ਕਰਨ ਲਈ ਇੱਕ ਗੇਜ ਲਗਾਇਆ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਵਿਭਾਗ ਨੂੰ ਵੱਖ-ਵੱਖ ਚੋਅ ਥਾਵਾਂ ”ਤੇ ਗੇਜ ਵੀ ਸਥਾਪਤ ਕਰਨ ਲਈ ਹਦਾਇਤ ਕੀਤੀ ਗਈ ਹੈ। ਵਿਧਾਇਕ ਨੇ ਵੀ ਸਮੂਹ ਵਸਨੀਕਾਂ ਨੂੰ ਬੇਨਤੀ ਕੀਤੀ ਕਿ ਇਸ ਸਮੇਂ ਦੌਰਾਨ ਦਰਿਆ ਪਾਰ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਅਤੇ ਕਿਸਾਨ ਤੇ ਪਸ਼ੂ ਪਾਲਕ ਆਪਣੇ ਪਸ਼ੂਆਂ ਨੂੰ ਦਰਿਆ ਦੇ ਕੰਢੇ ਜਾਂ ਦਰਿਆ ਦੇ ਅੰਦਰ ਨਾ ਜਾਣ ਦੇਣ।
ਜਿਲ੍ਹਾ ਪ੍ਰਸਾਸ਼ਨ ਵੱਲੋਂ ਜਿਲ੍ਹਾ ਪੱਧਰ ਉਤੇ ਹੈਲਪ ਲਾਈਨ ਨੰਬਰ 0183-2229125 ਅਤੇ ਅਜਨਾਲਾ ਵਿਖੇ ਹੈਲਪ ਲਾਈਨ ਨੰਬਰ 01858-245510 ਵੀ ਸਥਾਪਿਤ ਕੀਤੇ ਹੋਏ ਹਨ। ਕਿਸੇ ਵੀ ਅਣਸੁਖਾਵੀ ਸਥਿਤੀ ਵਿੱਚ ਇਨ੍ਹਾਂ ਹੈਲਪ ਲਾਈਨ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।
ਅੱਜ ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰੋਹਿਤ ਗੁਪਤਾ ਤੇ ਸ੍ਰੀਮਤੀ ਪਰਮਜੀਤ ਕੌਰ, ਐਸਡੀਐਮ ਰਵਿੰਦਰ ਸਿੰਘ ਤੇ ਹੋਰਨਾ ਵਿਭਾਗਾਂ ਦੇ ਅਧਿਕਾਰੀ ਵੀ ਸਨ ।
Read More : ਨੂੰਹਾਂ ਦੇ ਗਹਿਣੇ ਅਤੇ ਨਕਦੀ ਲੈ ਕੇ ਪ੍ਰੇਮੀ ਨਾਲ ਫਰਾਰ ਹੋਈ ਸੱਸ