ਸਰਹਿੰਦ, 30 ਸਤੰਬਰ : ਪੰਜਾਬ ਭਾਰਤ ਦਾ ਅਜਿਹਾ ਸੂਬਾ ਹੈ, ਜਿਸ ਨੂੰ ਸਿੱਖਾਂ ਦਾ ਹੋਮਲੈਂਡ ਕਿਹਾ ਜਾਂਦਾ ਹੈ ਤੇ ਹਰ ਪੰਜਾਬੀ ਨੂੰ ਸੂਬੇ ਦੀ ਗੱਲ ਕਰਦੇ ਹੋਏ ਅਪਣੀ ਮਿੱਟੀ ਨਾਲ ਜੁੜੇ ਰਹਿਣਾ ਚਾਹੀਦਾ ਹੈ। ਇਸ ਗੱਲ ਦਾ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੰਗਲਵਾਰ ਨੂੰ ਪਿੰਡ ਤਲਵਾੜਾ ਵਿਖੇ ਜਥੇਦਾਰ ਪਲਵਿੰਦਰ ਸਿੰਘ ਤਲਵਾੜਾ ਦੇ ਗ੍ਰਹਿ ਵਿਖੇ ਮਿਲਣੀ ਸਮੇਂ ਗੱਲਬਾਤ ਕਰਦਿਆਂ ਕੀਤਾ।
ਜਥੇਦਾਰ ਗੜਗੱਜ ਨੇ ਕਿਹਾ ਕਿ ਅੱਜ ਸਿੱਖ ਕੌਮ ਨੂੰ ਇੱਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਸਿੱਖ ਵਿਰੋਧੀ ਤਾਕਤਾਂ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਪੂਰੀ ਦੁਨੀਆ ਵਿੱਚ ਸਿੱਖਾ ਦੀ ਵੱਖਰੀ ਪਛਾਣ ਹੈ ਤੇ ਦੁਨੀਆਂ ਦੇ ਕੋਨੇ-ਕੋਨੇ ‘ਚ ਪੱਗੜੀ ਦਾ ਸਤਿਕਾਰ ਹੀ ਨਹੀਂ ਸਗੋਂ ਪੱਗੜੀਧਾਰੀ ਸਿੱਖ ਨੂੰ ਵੱਡਾ ਮਾਣ-ਸਤਿਕਾਰ ਵੀ ਦਿੱਤਾ ਜਾਂਦਾ ਹੈ।
ਜਥੇਦਾਰ ਗੜਗੱਜ ਨੇ ਅੱਗੇ ਕਿਹਾ ਕਿ ਹਰ ਇਕ ਸਿੱਖ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੇਧ ਲੈਂਦੇ ਹੋਏ ਜਿੱਥੇ ਸਿੱਖੀ ਸਰੂਪ ਦਾ ਧਾਰਨੀ ਬਣਨਾ ਚਾਹੀਦਾ ਹੈ, ਉਥੇ ਹੀ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਵੀ ਵੱਡੇ ਉੱਦਮ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਕ ਮੁਹਿੰਮ ਤਹਿਤ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਕਾਰਜ ਕੀਤੇ ਜਾ ਰਹੇ ਹਨ ਜਿਸ ਲਈ ਸੰਗਤ ਦੇ ਵਧੇਰੇ ਸਹਿਯੋਗ ਦੀ ਲੋੜ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਅੰਮ੍ਰਿਤਪਾਨ ਕਰ ਕੇ ਸਿੱਖੀ ਨਾਲ ਜੁੜਨ ਤੇ ਸਮਾਜਿਕ ਬੁਰਾਈਆਂ ਖ਼ਿਲਾਫ਼ ਲਹਿਰ ਖੜ੍ਹੀ ਕਰਨ।
ਜਥੇਦਾਰ ਗੜਗੱਜ ਨੇ ਛੋਟੇ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਕੇਸਾਧਾਰੀ ਬਣਾ ਕੇ ਦਸਤਾਰਾਂ ਸਜਾਉਣ। ਇਸ ਮੌਕੇ ਜਥੇਦਾਰ ਪਲਵਿੰਦਰ ਸਿੰਘ ਤਲਵਾੜਾ ਦੇ ਸਮੁੱਚੇ ਪਰਿਵਾਰ ਵੱਲੋਂ ਹੜ੍ਹ-ਪੀੜਤਾਂ ਦੀ ਸਹਾਇਤਾ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ 51 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਵੀ ਭੇਟ ਕੀਤੀ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਜਥੇਦਾਰ ਜਰਨੈਲ ਸਿੰਘ ਮਾਜਰੀ,ਸਰਕਲ ਪ੍ਰਧਾਨ ਜਥੇਦਾਰ ਬਲਜਿੰਦਰ ਸਿੰਘ ਸੇਖੋਂ, ਹਲਕਾ ਪ੍ਰਧਾਨ ਡਾ ਅਰੁਜਨ ਸਿੰਘ ਅਮਲੋਹ, ਹਰਵਿੰਦਰ ਸਿੰਘ ਤਲਵਾੜਾ, ਕੁਲਵਿੰਦਰ ਸਿੰਘ ਤਲਵਾੜਾ ਤੋਂ ਇਲਾਵਾ ਪਿੰਡ ਦੀਆਂ ਵੱਡੀ ਗਿਣਤੀ ਸੰਗਤਾਂ ਮੌਜੂਦ ਰਹੀਆਂ।
Read More : ਲੇਹ ’ਚ ਹੋਈ ਗੋਲੀਬਾਰੀ ਦੀ ਕਰਵਾਈ ਜਾਵੇ ਨਿਆਂਇਕ ਜਾਂਚ : ਰਾਹੁਲ ਗਾਂਧੀ