ਮੌੜ ਮੰਡੀ ਮੰਡੀ ਤੋਂ ਚਮੁੰਡਾ ਦੇਵੀ ਲੰਗਰ ਲਿਜਾ ਰਿਹਾ ਟਰੱਕ ਹੋਇਆ ਹਾਦਸੇ ਦਾ ਸ਼ਿਕਾਰ
ਮੌੜ ਮੰਡੀ, 23 ਸਤੰਬਰ : ਇਸ ਸਾਲ ਵੀ ਮਾਂ ਚਮੁੰਡਾ ਜੀ ਸੇਵਾ ਦਲ ਮੌੜ ਵੱਲੋਂ 32ਵਾਂ ਵਿਸ਼ਾਲ ਭੰਡਾਰਾ ਮੌੜ ਮੰਡੀ ਤੋਂ ਇਕ ਟਰੱਕ ਰਾਹੀਂ ਬੜੀ ਰਵਾਨਾ ਕੀਤਾ ਗਿਆ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਭਾਣਾ ਮਨਜੂਰ ਸੀ ਕਿ ਲੰਗਰ ਲਿਜਾ ਰਿਹਾ ਟਰੱਕ ਰਸਤੇ ’ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਦੌਰਾਨ ਚਾਰ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਛੇ ਗੰਭੀਰ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਮੌੜ ਮੰਡੀ ਤੋਂ ਮਾਂ ਚਮੁੰਡਾ ਦੇਵੀ ਵਿਖੇ ਲੰਗਰ ਲਗਾਉਣ ਲਈ ਬੀਤੇ ਦਿਨ ਇਕ ਟਰੱਕ ਰਵਾਨਾ ਹੋਇਆ ਸੀ। ਮਾਂ ਚਿੰਤਪੁਰਨੀ ਤੋਂ ਅੱਗੇ ਟਲਿਆਰਾ ਦੇ ਸਤਿਸੰਗ ਘਰ ਕੋਲ ਸਵੇਰ ਸਮੇਂ ਸ਼ਰਧਾਲੂਆਂ, ਸੇਵਾਦਾਰਾਂ ਅਤੇ ਲੰਗਰ ਦੇ ਸਾਮਾਨ ਨਾਲ ਭਰੇ ਇਸ ਟਰੱਕ ਦੀ ਇਕ ਬੱਸ ਨਾਲ ਟੱਕਰ ਹੋ ਗਈ। ਹਾਦਸੇ ਦੌਰਾਨ ਜਗਸੀਰ ਸ਼ਰਮਾ ਜੋਧਪੁਰ ਪਾਖਰ, ਕੁਲਦੀਪ ਸਿੰਘ ਜੋਧਪੁਰ ਪਾਖਰ, ਗੁਰਵਿੰਦਰ ਸਿੰਘ ਮੌੜ ਕਲਾਂ, ਜਸਮੇਲ ਸਿੰਘ ਧਿੰਗੜ ਦੀ ਮੌਤ ਹੋ ਗਈ ਹੈ।
ਇਸ ਹਾਦਸੇ ਦੌਰਾਨ ਕ੍ਰਿਸ਼ਨ ਕੁਮਾਰ ਜੋਧਪੁਰ ਸਮੇਤ ਛੇ ਹੋਰ ਵਿਅਕਤੀ ਗੰਭੀਰ ਰੂਪ ’ਚ ਜ਼ਖਮੀ ਹੋ ਗਏ ਅਤੇ ਕੁਝ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਜਿਨ੍ਹਾਂ ਦਾ ਉੱਥੋਂ ਦੇ ਵੱਖ-ਵੱਖ ਹਸਪਤਾਲਾਂ ’ਚ ਇਲਾਜ ਚੱਲ ਰਿਹਾ ਹੈ। ਹਾਦਸੇ ਵਾਲੀ ਜਗ੍ਹਾ ’ਤੇ ਵੱਡੀ ਗਿਣਤੀ ਮੰਡੀ ਵਾਸੀ ਪਹੁੰਚ ਰਹੇ ਹਨ ਤਾਂ ਜੋ ਜ਼ਖਮੀਆਂ ਦੀ ਸਾਂਭ-ਸੰਭਾਲ ਕੀਤੀ ਜਾ ਸਕੇ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਵਾਰਸਾਂ ਤਕ ਪਹੁੰਚਾਇਆ ਜਾ ਸਕੇ।
ਇਸ ਹਾਦਸੇ ’ਤੇ ਵੱਡੀ ਗਿਣਤੀ ਸਮਾਜ ਸੇਵੀ, ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਦੇ ਆਗੂਆਂ ਨੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਇਸ ਦੁੱਖ ਦੀ ਘੜੀ ’ਚ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।
Read More : ਰੋਡਵੇਜ਼ ਦੀ ਬੱਸ ਖੱਡ ਵਿਚ ਡਿੱਗੀ, ਦਰਜਨ ਤੋਂ ਵੱਧ ਯਾਤਰੀ ਜ਼ਖਮੀ