ਹੜ੍ਹ ਪ੍ਰਭਾਵਿਤ ਅਜਨਾਲਾ ਤੇ ਰਮਦਾਸ ਦੇ ਪਿੰਡਾਂ ਦਾ ਲਿਆ ਜਾਇਜ਼ਾ
ਛੋਟੇ ਬੱਚੇ ਦੀ ਗੱਲ ਸੁਣ ਕੇ ਅਜਨਾਲਾ ਹੋਏ ਜਜ਼ਬਾਤੀ
ਅਜਨਾਲਾ, 15 ਸਤੰਬਰ : ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਸਦ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਅਜਨਾਲਾ ਖੇਤਰ ਦੇ ਹੜ੍ਹ ਪ੍ਰਭਾਵਿਤ ਪਿੰਡ ਘੋਨੇਵਾਲਾ ਅਤੇ ਕਸਬਾ ਰਮਦਾਸ ਦੇ ਆਸ-ਪਾਸ ਦੇ ਪਿੰਡਾਂ ’ਚ ਜਾਇਜ਼ਾ ਲਿਆ ਅਤੇ ਪੀੜਤ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਇਤਿਹਾਸਕ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ ਰਮਦਾਸ ਵਿਖੇ ਨਤਮਸਤਕ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਭੇਟ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਕੇ ਸਰਬੱਤ ਦੇ ਭਲੇ ਲਈ ਅਰਦਾਸ ਕਰਵਾਈ।
ਇਸ ਮੌਕੇ ਰਾਹੁਲ ਗਾਂਧੀ ਨੇ ਕਿਹਾ ਕਿ ਪੰਜਾਬ ’ਚ ਪਿਛਲੇ ਦਿਨੀਂ ਆਏ ਭਿਆਨਕ ਹੜ੍ਹਾਂ ਨੇ ਪੰਜਾਬ ਦੇ ਖੁਸ਼ਹਾਲ ਲੋਕਾਂ ਦਾ ਜੀਵਨ ਤਬਾਹ ਕਰਕੇ ਰੱਖ ਦਿੱਤਾ ਹੈ ਤੇ ਇਸ ਸੂਬੇ ਅੰਦਰ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ ਅਤੇ ਹੜ੍ਹਾਂ ਦੇ ਮਾਰੇ ਲੋਕ ਰਾਹਤ ਕੈਂਪਾਂ ਹੇਠ ਰਹਿਣ ਲਈ ਮਜਬੂਰ ਹੋ ਰਹੇ ਹਨ। ਇਸ ਮੁਸ਼ਕਿਲ ਦੀ ਘੜੀ ’ਚ ਕਾਂਗਰਸ ਪਾਰਟੀ ਦੇ ਹਰ ਵਰਕਰ ਨੂੰ ਮੇਰੀ ਅਪੀਲ ਹੈ ਕਿ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇ ਅਤੇ ਸਾਨੂੰ ਸਭ ਨੂੰ ਇਕ-ਦੂਸਰੇ ਨਾਲ ਮਿਲ ਕੇ ਇਸ ਮੁਸੀਬਤ ਨੂੰ ਹਰਾਉਣਾ ਹੈ।

ਇਸ ਮੌਕੇ ਸਾਬਕਾ ਵਿਧਾਇਕ ਅਤੇ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਅਜਨਾਲਾ ਨੇ ਗੱਲਬਾਤ ਦੌਰਾਨ ਰਾਹੁਲ ਗਾਂਧੀ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਧੰਨਵਾਦੀ ਹਾਂ, ਜਿਨ੍ਹਾਂ ਨੇ ਅਜਨਾਲਾ ਅਤੇ ਰਮਦਾਸ ਖੇਤਰ ’ਚ ਪਹੁੰਚ ਕੇ ਹੜ੍ਹ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ ਅਤੇ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ।
ਅਜਨਾਲਾ ਨੇ ਅੱਗੇ ਕਿਹਾ ਕਿ ਇਸ ਹੜ੍ਹਾਂ ਦੀ ਮਾਰ ਨਾਲ ਜਿੱਥੇ ਬਹੁਤ ਵੱਡੇ ਪੱਧਰ ’ਤੇ ਹਰ ਤਰ੍ਹਾਂ ਦਾ ਨੁਕਸਾਨ ਹੋਇਆ ਹੈ, ਉਥੇ ਛੋਟੇ ਬੱਚਿਆਂ ਦੇ ਖੇਡਣ ਵਾਲੀਆਂ ਚੀਜ਼ਾਂ ਵੀ ਹੜ੍ਹ ਦੇ ਪਾਣੀ ਨਾਲ ਬਰਬਾਦ ਗਈਆਂ ਹਨ। ਉਨ੍ਹਾਂ ਉਥੇ ਖੜ੍ਹੇ ਜਦੋਂ ਛੋਟੇ ਜਿਹੇ ਬੱਚੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੇਟਾ ਤੇਰਾ ਹੜ੍ਹ ਦੇ ਪਾਣੀ ਨਾਲ ਕੋਈ ਨੁਕਸਾਨ ਹੋਇਆ ਹੈ ਤੇ ਉਸ ਬੱਚੇ ਨੇ ਰੋਂਦੇ ਹੋਏ ਕਿਹਾ ਕਿ ਅੰਕਲ ਜੀ ਮੇਰਾ ਸਾਈਕਲ ਵੀ ਹੜ੍ਹ ਦੇ ਪਾਣੀ ਨਾਲ ਬਰਬਾਦ ਹੋ ਗਿਆ ਹੈ। ਇੰਨੀ ਗੱਲ ਸੁਣਦੇ ਸਾਰ ਹੀ ਹਰਪ੍ਰਤਾਪ ਅਜਨਾਲਾ ਨੇ ਜਜ਼ਬਾਤੀ ਹੁੰਦਿਆਂ ਬੱਚੇ ਨੂੰ ਕਿਹਾ ਕਿ ਤੈਨੂੰ ਮੈ ਨਵਾਂ ਸਾਈਕਲ ਲੈ ਕੇ ਦੇਵਾਂਗਾ।
ਇਸ ਮੌਕੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ, ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ, ਐੱਮ. ਪੀ. ਗੁਰਜੀਤ ਸਿੰਘ ਔਜਲਾ, ਜਸਬੀਰ ਸਿੰਘ ਡਿੰਪਾ, ਵਿਜੈ ਇੰਦਰ ਸਿੰਗਲਾ, ਸੁਖਵਿੰਦਰ ਸਿੰਘ ਡੈਨੀਘ ਤੋਂ ਇਲਾਵਾ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।
Read More : ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ 10 ਰੋਜ਼ਾ ਵਿਸ਼ੇਸ਼ ਸਫਾਈ ਮੁਹਿੰਮ ਸ਼ੁਰੂ : ਡਾ. ਰਵਜੋਤ ਸਿੰਘ