ਸਫਾਈ ਮੁਹਿੰਮ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ-ਮੁੱਖ ਮੰਤਰੀ
ਚੰਡੀਗੜ੍ਹ 13 ਸਤੰਬਰ : ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ 100 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਵਿਸ਼ਾਲ ਪੁਨਰਵਾਸ ਅਤੇ ਸਫਾਈ ਮੁਹਿੰਮ ਸ਼ੁਰੂ ਕੀਤੀ ਜਾਵੇਗੀ।
ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਹੜ੍ਹ ਦਾ ਪਾਣੀ ਹੁਣ ਕਈ ਇਲਾਕਿਆਂ ਵਿੱਚ ਘੱਟ ਰਿਹਾ ਹੈ ਪਰ ਪਿੰਡਾਂ ਅਤੇ ਕਸਬਿਆਂ ਵਿਚ ਚਿੱਕੜ ਅਤੇ ਗੰਦਗੀ ਵਿਆਪਕ ਤੌਰ ‘ਤੇ ਫੈਲੀ ਹੋਈ ਹੈ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਜ਼ਿੰਦਗੀ ਆਮ ਹੋਣ ਵੱਲ ਵਧ ਰਹੀ ਹੈ, ਇਨ੍ਹਾਂ ਇਲਾਕਿਆਂ ਦੀ ਸਫਾਈ ਦਾ ਕੰਮ ਬਹੁਤ ਮਹੱਤਵਪੂਰਨ ਹੈ। ਇਸ ਲਈ ਸੂਬਾ ਸਰਕਾਰ 2300 ਪ੍ਰਭਾਵਿਤ ਪਿੰਡਾਂ ਅਤੇ ਵਾਰਡਾਂ ਵਿੱਚ ਇੱਕ ਵਿਸ਼ਾਲ ਸਫਾਈ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਨੇ ਹਰੇਕ ਪਿੰਡ ਲਈ ਟੀਮਾਂ ਬਣਾਈਆਂ ਹਨ, ਜਿਨ੍ਹਾਂ ਵਿੱਚ ਜੇਸੀਬੀ ਮਸ਼ੀਨਾਂ, ਟਰੈਕਟਰ-ਟਰਾਲੀਆਂ ਅਤੇ ਵਰਕਰ ਹੋਣਗੇ। ਇਹ ਟੀਮਾਂ ਚਿੱਕੜ ਅਤੇ ਮਲਬੇ ਨੂੰ ਹਟਾਉਣਗੀਆਂ ਅਤੇ ਹਰੇਕ ਪਿੰਡ ਦੀ ਪੂਰੀ ਸਫਾਈ ਨੂੰ ਯਕੀਨੀ ਬਣਾਉਣਗੀਆਂ।
ਮੁੱਖ ਮੰਤਰੀ ਨੇ ਡਰ ਪ੍ਰਗਟਾਇਆ ਕਿ ਹੜ੍ਹ ਦੌਰਾਨ ਬਹੁਤ ਸਾਰੇ ਜਾਨਵਰਾਂ ਦੀ ਮੌਤ ਹੋ ਗਈ ਹੈ, ਇਸ ਲਈ ਇਹ ਟੀਮਾਂ ਇਨ੍ਹਾਂ ਜਾਨਵਰਾਂ ਦਾ ਸਹੀ ਢੰਗ ਨਾਲ ਨਿਪਟਾਰਾ ਕਰਨਗੀਆਂ। ਇਸ ਤੋਂ ਬਾਅਦ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਹਰੇਕ ਪਿੰਡ ਵਿੱਚ ਸਫਾਈ ਅਤੇ ਫੌਗਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਇਸ ਪੂਰੀ ਮੁਹਿੰਮ ਲਈ 100 ਕਰੋੜ ਰੁਪਏ ਦਾ ਫੰਡ ਰੱਖਿਆ ਹੈ, ਜਿਸ ਵਿੱਚੋਂ ਹਰੇਕ ਪ੍ਰਭਾਵਿਤ ਪਿੰਡ ਨੂੰ ਸ਼ੁਰੂਆਤੀ ਫੰਡ ਵਜੋਂ ਇੱਕ ਲੱਖ ਰੁਪਏ ਜਾਰੀ ਕੀਤੇ ਜਾ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਫੰਡ ਵਿੱਚੋਂ ਹੋਰ ਜ਼ਰੂਰਤਾਂ ਵੀ ਪੂਰੀਆਂ ਕੀਤੀਆਂ ਜਾਣਗੀਆਂ ਅਤੇ ਸਫ਼ਾਈ ਦਾ ਸਾਰਾ ਖਰਚਾ ਸੂਬਾ ਸਰਕਾਰ ਵੱਲੋਂ ਚੁੱਕਿਆ ਜਾਵੇਗਾ।
ਇਸ ਮੁਹਿੰਮ ਲਈ ਸਮਾਂ-ਸੀਮਾ ਨਿਰਧਾਰਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਪਿੰਡਾਂ ਨੂੰ 24 ਸਤੰਬਰ ਤੱਕ ਸਾਫ਼ ਕਰਕੇ ਚਿੱਕੜ ਅਤੇ ਮਲਬੇ ਤੋਂ ਮੁਕਤ ਕਰ ਦਿੱਤਾ ਜਾਵੇਗਾ ਅਤੇ ਜਨਤਕ ਥਾਵਾਂ ਦੀ ਮੁਰੰਮਤ ਦਾ ਕੰਮ 15 ਅਕਤੂਬਰ ਤੱਕ ਪੂਰਾ ਕਰ ਲਿਆ ਜਾਵੇਗਾ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਛੱਪੜਾਂ ਦੀ ਸਫ਼ਾਈ 22 ਅਕਤੂਬਰ ਤੱਕ ਪੂਰੀ ਕਰ ਲਈ ਜਾਵੇਗੀ, ਜਿਸ ਲਈ ਸਰਕਾਰ ਨੇ ਪਹਿਲਾਂ ਹੀ ਸਾਰੇ ਜ਼ਰੂਰੀ ਪ੍ਰਬੰਧ ਕਰ ਲਏ ਹਨ। ਭਗਵੰਤ ਸਿੰਘ ਮਾਨ ਨੇ ਇਸ ਨੇਕ ਕਾਰਜ ਵਿੱਚ ਸਹਿਯੋਗ ਲਈ ਗੈਰ-ਸਰਕਾਰੀ ਸੰਗਠਨਾਂ, ਯੂਥ ਕਲੱਬਾਂ ਅਤੇ ਹੋਰ ਸੰਗਠਨਾਂ ਨੂੰ ਅਪੀਲ ਕੀਤੀ, ਜਿਵੇਂ ਸਾਰਿਆਂ ਨੇ ਇੱਕਜੁੱਟ ਹੋ ਕੇ ਇਸ ਕੁਦਰਤੀ ਆਫ਼ਤ ਵਿਰੁੱਧ ਲੜਾਈ ਲੜੀ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ ਕਿ ਹੜ੍ਹਾਂ ਤੋਂ ਬਾਅਦ ਕੋਈ ਬਿਮਾਰੀ ਨਾ ਫੈਲੇ ਅਤੇ ਸਿਹਤ ਸਮੱਸਿਆਵਾਂ ਵਾਲੇ ਕਿਸੇ ਵੀ ਵਿਅਕਤੀ ਨੂੰ ਤੁਰੰਤ ਡਾਕਟਰੀ ਸਹਾਇਤਾ ਮਿਲੇ। ਇਸ ਮਕਸਦ ਲਈ, ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਾਰੇ 2,303 ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਮੈਡੀਕਲ ਕੈਂਪ ਲਗਾਏਗੀ। ਉਨ੍ਹਾਂ ਕਿਹਾ ਕਿ 596 ਪਿੰਡਾਂ ਵਿੱਚ, ਜਿੱਥੇ ਆਮ ਆਦਮੀ ਕਲੀਨਿਕ ਪਹਿਲਾਂ ਹੀ ਮੌਜੂਦ ਹਨ, ਉੱਥੇ ਮੈਡੀਕਲ ਕੈਂਪ, ਸਿਹਤ ਸਹੂਲਤਾਂ ਅਤੇ ਦਵਾਈਆਂ ਉਪਲਬਧ ਹੋਣਗੀਆਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬਾਕੀ 1,707 ਪਿੰਡਾਂ ਵਿੱਚ, ਇਹ ਮੈਡੀਕਲ ਕੈਂਪ ਸਕੂਲ, ਧਰਮਸ਼ਾਲਾਵਾਂ, ਆਂਗਣਵਾੜੀ ਕੇਂਦਰਾਂ ਜਾਂ ਪੰਚਾਇਤ ਭਵਨਾਂ ਵਰਗੀਆਂ ਸਾਂਝੀਆਂ ਥਾਵਾਂ ‘ਤੇ ਲਗਾਏ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਹਰੇਕ ਕੈਂਪ ਵਿੱਚ ਡਾਕਟਰ, ਮੈਡੀਕਲ ਸਟਾਫ਼ ਅਤੇ ਡਾਕਟਰੀ ਸਹੂਲਤਾਂ ਹੋਣਗੀਆਂ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਇਸ ਵਿਸ਼ੇਸ਼ ਮੁਹਿੰਮ ਲਈ 550 ਐਂਬੂਲੈਂਸਾਂ ਦਾ ਪ੍ਰਬੰਧ ਕੀਤਾ ਹੈ ਤਾਂ ਜੋ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਡਾਕਟਰੀ ਦੇਖਭਾਲ ਪ੍ਰਾਪਤ ਕਰਨ ਵਿੱਚ ਕਿਸੇ ਵੀ ਦੇਰੀ ਜਾਂ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਤੱਕ ਦੀਆਂ ਰਿਪੋਰਟਾਂ ਅਨੁਸਾਰ, 713 ਪਿੰਡਾਂ ਵਿੱਚ ਲਗਭਗ 2.50 ਲੱਖ ਪਸ਼ੂ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਨ ਅਤੇ ਉਨ੍ਹਾਂ ਵਿੱਚ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ, ਸਰਕਾਰ ਨੇ ਪਸ਼ੂ ਮਾਲਕਾਂ ਦੀ ਮਦਦ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਪਿੰਡਾਂ ਵਿੱਚ ਪਸ਼ੂਆਂ ਦੇ ਡਾਕਟਰਾਂ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਪਸ਼ੂਆਂ ਦੇ ਆਸਰਾ-ਘਰਾਂ ਨੂੰ ਸਾਫ਼ ਅਤੇ ਰੋਗਾਣੂ-ਮੁਕਤ ਕਰਨ ਲਈ ਵਿਸ਼ੇਸ਼ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਥਾਵਾਂ ਤੋਂ ਮਲਬਾ ਅਤੇ ਖਰਾਬ ਚਾਰਾ ਹਟਾਇਆ ਜਾਵੇਗਾ ਅਤੇ ਕਿਸਾਨਾਂ ਨੂੰ ਚਾਰੇ ਅਤੇ ਪਾਣੀ ਨੂੰ ਰੋਗਾਣੂ-ਮੁਕਤ ਕਰਨ ਲਈ ਪੋਟਾਸ਼ੀਅਮ ਪਰਮੇਂਗਨੇਟ ਮੁਹੱਈਆ ਕਰਵਾਇਆ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਸਾਰੇ ਪ੍ਰਭਾਵਿਤ ਜਾਨਵਰਾਂ ਦਾ ਟੀਕਾਕਰਨ 30 ਸਤੰਬਰ ਤੱਕ ਪੂਰਾ ਕਰ ਲਿਆ ਜਾਵੇਗਾ।
Read More : ਵਿਧਾਇਕ ਪਠਾਣਮਾਜਰਾ ਨੂੰ ਸਰਕਾਰੀ ਕੋਠੀ ਖਾਲੀ ਕਰਨ ਦਾ ਹੁਕਮ