Sant Seechewal

ਹੜ੍ਹ ਪੀੜਤਾਂ ਦੀ ਮਦਦ ਲੰਮਾਂ ਸਮਾਂ ਚੱਲੇਗੀ : ਸੰਤ ਸੀਚੇਵਾਲ

ਪਾਣੀ ਉਤਰਨ ਨਾਲ ਹੀ ਹੜ੍ਹਾਂ ਦੇ ਹੋਏ ਨੁਕਸਾਨ ਦੀ ਅਸਲ ਤਸਵੀਰ ਆਵੇਗੀ ਸਾਹਮਣੇ

ਵਿਧਾਇਕਾ ਨਰਿੰਦਰ ਕੌਰ ਨੇ ਹੜ੍ਹ ਪੀੜਤਾਂ ਲਈ 7 ਟਰੱਕ ਰਾਹਤ ਸਮੱਗਰੀ ਭੇਜੀ

ਸੰਗਰੂਰ, 2 ਸਤੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜ਼ਿਲਾ ਸੰਗਰੂਰ ਤੋਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦੇ ਪੰਜ ਟਰੱਕ ਸੁਲਤਾਨਪੁਰ ਲੋਧੀ ਪਹੁੰਚ ਗਏ ਹਨ। ਸੰਗਰੂਰ ਵਿਧਾਨ ਸਭਾ ਹਲਕੇ ਦੀ ਵਿਧਾਇਕਾ ਬੀਬੀ ਨਰਿੰਦਰ ਕੌਰ ਭਰਾਜ ਨੇ ਅੱਜ ਸ਼ਾਮ ਬਾਊਪੁਰ ਜਾ ਕੇ ਹੜ੍ਹ ਪੀੜਤ ਇਲਾਕੇ ਦਾ ਦੌਰਾ ਕੀਤਾ ਤੇ ਹੜ੍ਹ ਪੀੜਤਾਂ ਦੇ ਦਰਦ ਨੂੰ ਜਾਣਿਆ।

ਪਿਛਲੇ 23 ਦਿਨਾਂ ਤੋਂ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਹਵਾਲੇ ਰਾਹਤ ਸਮੱਗਰੀ ਦੇ ਇਨ੍ਹਾਂ ਪੰਜ ਟੱਰਕਾਂ ’ਚ ਚਾਰ ਟਰੱਕ ਪਸ਼ੂਆਂ ਦਾ ਚਾਰਾ ਹੈ, ਜਦਕਿ ਇਕ ਟਰੱਕ ’ਚ ਰੋਜ਼ਾਨਾ ਦੀ ਵਰਤੋਂ ਵਾਲੀਆਂ ਵਸਤਾਂ ਹਨ।

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਗੱਲਬਾਤ ਕਰਦਿਆ ਕਿਹਾ ਕਿ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਅਸਲ ਤਸਵੀਰ ਉਸ ਵੇਲੇ ਸਾਹਮਣੇ ਆਵੇਗੀ, ਜਦੋਂ ਪਾਣੀ ਹੇਠਾਂ ਉਤਰ ਜਾਵੇਗਾ। ਇਸ ਲਈ ਹੜ੍ਹ ਪੀੜਤਾਂ ਦੀ ਮਦਦ ਲੰਮਾਂ ਸਮਾਂ ਚੱਲੇਗੀ। ਜਦੋਂ ਇਸ ਮੰਡ ਇਲਾਕੇ ਵਿੱਚੋਂ ਪਾਣੀ ਘੱਟ ਜਾਵੇਗਾ, ਉਸ ਵੇਲੇ ਇਨ੍ਹਾਂ ਕਿਸਾਨਾਂ ਨੂੰ ਸਭ ਤੋਂ ਵੱਧ ਲੋੜ ਮਹਿਸੂਸ ਹੋਵੇਗੀ।

ਉਨ੍ਹਾਂ ਕਿਹਾ ਕਿ ਕਣਕ ਦੀ ਬਿਜਾਈ ਸਮੇਂ ਕਿਸਾਨਾਂ ਨੂੰ ਖਾਦ ਦੀ ਵੀ ਲੋੜ ਪਵੇਗੀ ਤੇ ਵਾਹੀ ਲਈ ਡੀਜ਼ਲ ਆਦਿ ਦੀ ਤਾਂ ਜੋ ਉਨ੍ਹਾਂ ਦਾ ਖੇਤੀ ਦਾ ਕੰਮ ਕਾਜ਼ ਮੁੜ ਲੀਹ ’ਤੇ ਆ ਜਾਵੇ।

‘ਆਪ’ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਰਾਹਤ ਸਮੱਗਰੀ ਸੰਤ ਸੀਚੇਵਾਲ ਜੀ ਦੇ ਸਪੁਰਦ ਕਰਦਿਆ ਉਨ੍ਹਾਂ ਕਿਹਾ ਕਿ ਪੰਜਾਬ ਇਸ ਸਮੇਂ ਵੱਡੀ ਕੁਦਰਤ ਦੀ ਕਰੋਪੀ ’ਚੋਂ ਲੰਘ ਰਿਹਾ ਹੈ। ਉਨ੍ਹਾਂ ਕਿਹਾ ਕਿ ਹੜ੍ਹ ਪੀੜਤਾਂ ਦੀ ਮਦਦ ਵਾਸਤੇ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦਾ ਹਰ ਵਰਕਰ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾ ਰਿਹਾ ਹੈ।

ਉਨ੍ਹਾਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵੱਲੋਂ ਹੜ੍ਹ ਪੀੜਤਾਂ ਦੀ ਪਹਿਲੇ ਦਿਨ ਤੋਂ ਹੀ ਕੀਤੀ ਜਾ ਰਹੀ ਮਦਦ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸੰਤ ਸੀਚੇਵਾਲ ਇਸ ਇਲਾਕੇ ਦੀਆਂ ਲੋੜਾਂ ਤੋਂ ਬਾਖੂਬੀ ਵਾਕਿਫ਼ ਹਨ। ਇਹੀ ਵਜ੍ਹਾ ਹੈ ਕਿ ਉਨ੍ਹਾਂ ਨੇ ਬਾਊਪੁਰ, ਸਾਂਗਰਾ ਅਤੇ ਰਾਮਪੁਰ ਗੌਹਰਾ ਆਦਿ ਪਿੰਡਾਂ ਅਤੇ ਡੇਰਿਆਂ ’ਚ ਆਪ ਸਿੱਧੀ ਪਹੁੰਚ ਕਰ ਕੇ ਲੋਕਾਂ ਨੂੰ ਮੁਸੀਬਤ ’ਚੋਂ ਕੱਢਿਆ ਹੈ।

ਇਸ ਮੌਕੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਰਾਹਤ ਸਮੱਗਰੀ ਲੈਕੇ ਆਉਣ ਵਾਲੀਆਂ ਜਥੇਬੰਦੀਆਂ ਅਤੇ ਸੰਸਥਾਵਾਂ ਦਾ ਧੰਨਵਾਦ ਕੀਤਾ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਕਿ ਹੜ੍ਹ ਪੀੜਤਾਂ ਦੀ ਮਦਦ ਲੰਮਾਂ ਸਮਾਂ ਚੱਲਣ ਵਾਲੀ ਹੈ। ਸੰਤ ਸੀਚੇਵਾਲ ਨੇ ਸੰਗਰੂਰ ਦੀ ਵਿਧਾਇਕਾ ਬੀਬੀ ਨਰਿੰਦਰ ਕੌਰ ਭਰਾਜ ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਦੇ ਮਨ ’ਚ ਹੜ੍ਹ ਪੀੜਤਾਂ ਦਾ ਦਰਦ ਹੋਣ ਕਾਰਨ ਉਹ ਏਨੀ ਦੂਰ ਤੋਂ ਵੀ ਰਾਹਤ ਸਮੱਗਰੀ ਲੈਕੇ ਪਹੁੰਚੇ ਹਨ।

Read More : ਜਬਰ-ਜ਼ਨਾਹ ਦੇ ਮਾਮਲੇ ਵਿਚ ਕਰਨਾਲ ਦਾ ਨੌਜਵਾਨ ਅਮਰੀਕਾ ਵਿਚ ਗ੍ਰਿਫ਼ਤਾਰ

Leave a Reply

Your email address will not be published. Required fields are marked *