ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਤਰਜੀਹ ’ਤੇ ਸਫਾਈ ਕਰਵਾਉਣ ’ਤੇ ਪਾਕਿਸਤਾਨ ਸਰਕਾਰ ਦਾ ਕੀਤਾ ਧੰਨਵਾਦ, ਲਾਂਘਾ ਖੋਲ੍ਹਣ ਦੀ ਕੀਤੀ ਅਪੀਲ
ਗੁਰਦਾਸਪੁਰ, 31 ਅਗਸਤ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਰਤਾਰਪੁਰ ਸਾਹਿਬ ਲਾਂਘੇ ਦੇ ਪ੍ਰਵੇਸ਼ ਦੁਆਰ ’ਤੇ ਪਹੁੰਚ ਕੇ ਸੰਗਤਾਂ ਨਾਲ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ‘ਲਹਿੰਦੇ’ ਅਤੇ ‘ਚੜ੍ਹਦੇ’ ਪੰਜਾਬ ਦੇ ਲੋਕ ਦੀਆਂ ਮੁਸ਼ਕਲਾਂ ਖ਼ਤਮ ਹੋਣ ਜੋ ਕਿ ਭਾਰੀ ਹੜ੍ਹਾਂ ਦੀ ਮਾਰ ਹੇਠ ਹਨ ਤੇ ਹੜ੍ਹਾਂ ਕਾਰਨ ਹਜ਼ਾਰਾਂ-ਲੱਖਾਂ ਲੋਕ ਪ੍ਰਭਾਵਿਤ ਹੋਏ ਹਨ। ਇਸ ‘ਅਰਦਾਸ’ ਵਿਚ ਹੜ੍ਹ ਮਾਰੇ ਪਿੰਡਾਂ ਦੇ ਸੈਂਕੜੇ ਲੋਕ ਅਤੇ ਅਕਾਲੀ ਆਗੂ ਤੇ ਵਰਕਰ ਵੀ ਸ਼ਾਮਲ ਹੋਏ।
ਬਾਦਲ ਨੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਵੀ ਕੀਤਾ, ਜਿਸਨੇ ਪਹਿਲ ਦੇ ਆਧਾਰ ’ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਸਫਾਈ ਕਰਵਾਈ, ਜੋ ਕਿ ਹੜ੍ਹਾਂ ਦੇ ਪਾਣੀ ਵਿਚ ਘਿਰ ਗਿਆ ਸੀ। ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਕਿ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਿਆ ਜਾਵੇ ਤਾਂ ਜੋ ਪੰਜਾਬ ਤੇ ਹੋਰ ਭਾਗਾਂ ਤੋਂ ਸੰਗਤਾਂ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ ਅਤੇ ਗੁਰੂ ਘਰ ਦੀ ਸਫਾਈ ਦੀ ਸੇਵਾ ਵਿਚ ਭਾਗ ਲੈ ਸਕਣ।
ਸੁਖਬੀਰ ਸਿੰਘ ਬਾਦਲ ਅੱਜ ਗੁਰਦਾਸਪੁਰ, ਡੇਰਾ ਬਾਬਾ ਨਾਨਕ ਤੇ ਸ੍ਰੀ ਹਰਿਗੋਬਿੰਦਪੁਰ ਹਲਕਿਆਂ ਅੰਦਰ ਹੜ੍ਹ ਮਾਰੇ ਇਲਾਕਿਆਂ ਦੇ ਦੌਰੇ ’ਤੇ ਇਥੇ ਆਏ ਸਨ, ਜਿਨ੍ਹਾਂ ਨੇ ਕਿਹਾ ਕਿ ਹੜ੍ਹਾਂ ਕਾਰਨ ਲੋਕ ਵੱਡੀਆਂ ਮੁਸਕਿਲਾਂ ਵਿਚ ਹਨ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਸਮੇਂ ਸਿਰ ਹੜ੍ਹ ਰੋਕੂ ਕਦਮ ਚੁੱਕਣ ਵਿਚ ਨਾਕਾਮ ਰਹੀ ਹੈ ਅਤੇ ਇਸ ਕਾਰਨ ਲੱਖਾਂ ਲੋਕ ਹੜ੍ਹਾਂ ਦੇ ਪਾਣੀ ਵਿਚ ਘਿਰ ਗਏ ਹਨ। ਹਾਲਾਤ ਅਜਿਹੇ ਹਨ ਕਿ ‘ਆਪ’ ਸਰਕਾਰ ਮਾਧੋਪੁਰ ਬੰਨ (ਬੈਰਜ) ਦੀ ਮਜ਼ਬੂਤੀ ਵਾਸਤੇ ਪੈਸੇ ਜਾਰੀ ਕਰਨ ਵਿਚ ਨਾਕਾਮ ਰਹੀ, ਜਿਸ ਕਾਰਨ ਉਸਦੇ ਗੇਟ ਟੁੱਟ ਗਏ ਤੇ ਹੜ੍ਹਾਂ ਦੀ ਮਾਰ ਵੱਧ ਗਈ।
ਬਾਦਲ ਨੇ ਇੰਡਸਟਰੀ ਐਸੋਸੀਏਸ਼ਨਾਂ ਤੇ ਸ਼ਹਿਰੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਲੋੜ ਵੇਲੇ ਪਿੰਡਾਂ ਵਾਲੇ ਭਰਾਵਾਂ ਦੀ ਮਦਦ ਵਾਸਤੇ ਅੱਗੇ ਆਉਣ। ਉਨ੍ਹਾਂ ਕਿਹਾ ਕਿ ਅੱਜ ਅੰਨਦਾਤਾ ਮੁਸ਼ਕਲ ਵਿਚ ਹੈ, ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਦੀ ਮਦਦ ਵਿਚ ਨਿੱਤਰੀਏ। ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਲੰਗਰ ਅਤੇ ਮੈਡੀਕਲ ਕੈਂਪ ਲਗਾਉਣ ’ਤੇ ਸ਼੍ਰੋਮਣੀ ਕਮੇਟੀ ਦੀ ਸ਼ਲਾਘਾ ਵੀ ਕੀਤੀ। ਬਾਦਲ ਨੇ ਭਾਰੀ ਮੀਂਹ ਵਿਚ ਵੀ ਪਿੰਡਾਂ ਦਾ ਦੌਰਾ ਕੀਤਾ।
ਬਾਦਲ ਨੇ ਇਸ ਮੌਕੇ ਬਟਾਲਾ ਦੇ ਪਾਰਟੀ ਵਰਕਰਾਂ ਵੱਲੋਂ ਹੜ੍ਹ ਮਾਰੇ ਲੋਕਾਂ ਦੀ ਮਦਦ ਵਾਸਤੇ ਇਕੱਠਾ ਕੀਤਾ 10 ਟਰਾਲੀਆਂ ਰਾਸ਼ਨ ਤੇ ਜ਼ਰੂਰੀ ਵਸਤਾਂ ਵੰਡੀਆਂ ਅਤੇ ਕਰਤਾਰਪੁਰ ਸਾਹਿਬ ਲਾਂਘੇ ਦੇ ਨੇੜਲੇ ਇਲਾਕੇ ਵਿਚ 7 ਟਰਾਲੀਆਂ ਸਾਮਾਨ ਵੰਡਿਆ ਗਿਆ। ਉਨ੍ਹਾਂ ਨੇ ਦੀਨਾਨਗਰ ਤੋਂ ਪਾਰਟੀ ਵੱਲੋਂ ਇਕੱਠਾ ਕੀਤਾ 100 ਟਰਾਲੀਆਂ ਰਾਸ਼ਨ, ਪਸ਼ੂਆਂ ਲਈ ਹਰਾ ਤੇ ਸੁੱਕਾ ਚਾਰਾ, ਇੱਟਾਂ ਤੇ ਦੋ ਜੇ. ਸੀ. ਬੀ. ਮਸ਼ੀਨਾਂ ਵੀ ਪ੍ਰਦਾਨ ਕੀਤੀਆਂ। ਪਿੰਡਾਂ ਦੇ ਦੌਰੇ ਕਰਨ ਤੋਂ ਇਲਾਵਾ ਅਕਾਲੀ ਦਲ ਦੇ ਪ੍ਰਧਾਨ ਨੇ ‘ਗੁੱਜਰਾਂ’ ਨਾਲ ਉਨ੍ਹਾਂ ਦੇ ਡੇਰੇ ’ਤੇ ਮੁਲਾਕਾਤ ਵੀ ਕੀਤੀ ਤੇ ਉਨ੍ਹਾਂ ਨੂੰ ਵੀ ਦੁਧਾਰੂ ਪਸ਼ੂਆਂ ਵਾਸਤੇ ਚਾਰਾ ਪ੍ਰਦਾਨ ਕੀਤਾ।
ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ, ਸੁੱਚਾ ਸਿੰਘ ਲੰਗਾਹ, ਗੁਰਬਚਨ ਸਿੰਘ ਬੱਬੇਹਾਲੀ, ਕੈਪਟਨ ਬਲਬੀਰ ਸਿੰਘ ਬਾਠ, ਰਾਜਨਬੀਰ ਸਿੰਘ ਘੁੰਮਣ, ਸੁਰਜੀਤ ਸਿੰਘ ਤੁਗਲਵਾਲ, ਰਮਨ ਸਿੰਘ ਸੰਧੂ, ਗੁਰਇਕਬਾਲ ਸਿੰਘ ਮਾਹਲ, ਸੁਖਬੀਰ ਸਿੰਘ ਵੱਲ੍ਹਾ, ਨਰੇਸ਼ ਮਹਾਜਨ ਅਤੇ ਪਰਮਵੀਰ ਲਾਡੀ ਵੀ ਹਾਜ਼ਰ ਸਨ।
Read More : ਜਥੇਦਾਰ ਗੜਗੱਜ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਹੋਏ ਨਤਮਸਤਕ