ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ
ਟਾਂਡਾ ਉੜਮੁੜ, 28 ਅਗਸਤ : ਬਿਆਸ ਦਰਿਆ ਵਿਚ ਹੜ੍ਹ ਆਉਣ ਕਾਰਨ ਪਿੰਡ ਰਾੜਾ ਦਾ ਇਕ ਵਿਅਕਤੀ ਜਦੋਂ ਕਸਬਾ ਟਾਂਡਾ ਉੜਮੁੜ ਅਧੀਨ ਆਉਂਦੇ ਸਲੇਮਪੁਰ ਮੰਡ ਇਲਾਕੇ ਵਿਚ ਦੂਜੇ ਲੋਕਾਂ ਦੀ ਮਦਦ ਕਰਨ ਲਈ ਪਾਣੀ ਵਿਚ ਗਿਆ ਤਾਂ ਉਸਦੀ ਡੁੱਬਣ ਕਾਰਨ ਮੌਤ ਹੋ ਗਈ, ਜਿਸਦੀ ਪਛਾਣ ਜੈਲਾ ਪੁੱਤਰ ਪਿਆਰਾ ਲਾਲ ਨਿਵਾਸੀ ਜਲਾਲਪੁਰ, ਜੋ ਕਿ ਮੌਜੂਦਾ ਸਮੇਂ ਰਾੜਾ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਜੈਲਾ ਡਰਾਈਵਰ ਦਾ ਕੰਮ ਕਰਦਾ ਸੀ ਤੇ ਉਹ ਕਿਸ਼ਤੀ ਚਲਾਉਂਦਾ ਸੀ ਤੇ ਬੁੱਧਵਾਰ ਸਵੇਰੇ ਜਦੋਂ ਉਹ ਆਪਣੇ ਦੋ ਸਾਥੀਆਂ ਨਾਲ ਪਿੰਡ ਸਲੇਮਪੁਰ ਧੁੱਸੀ ਬੰਨ੍ਹ ’ਤੇ ਸੀ ਤਾਂ ਹੜ੍ਹ ਵਿਚ ਫਸੇ ਕੁਝ ਲੋਕਾਂ ਦੀ ਮਦਦ ਲਈ ਪਾਣੀ ਵਿਚ ਗਿਆ ਤਾਂ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਜੈਲਾ ਪਾਣੀ ਵਿਚ ਡੁੱਬ ਗਿਆ। ਉਸਦੇ ਸਾਥੀਆਂ ਨੇ ਇਸ ਬਾਰੇ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ। ਫਿਰ ਪਿੰਡ ਵਾਸੀਆਂ ਨੇ ਪਰਿਵਾਰ ਸਮੇਤ ਸਵੇਰੇ 10 ਵਜੇ ਦੇ ਕਰੀਬ ਭਾਲ ਸ਼ੁਰੂ ਕੀਤੀ ਅਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਪਰ ਪ੍ਰਸ਼ਾਸਨ ਵੱਲੋਂ ਮਦਦ ਨਾ ਮਿਲਣ ਕਾਰਨ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਇਸ ਤੋਂ ਬਾਅਦ ਗੋਤਾਖੋਰਾਂ ਦੀ ਮਦਦ ਨਾਲ ਉਸ ਦੀ ਲਾਸ਼ ਨੂੰ ਪਾਣੀ ਵਿਚੋਂ ਬਾਹਰ ਕੱਢਿਆ ਗਿਆ।
ਬੀਕੇਯੂ ਆਜ਼ਾਦ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਰਾੜਾ ਅਤੇ ਮੌਕੇ ’ਤੇ ਮੌਜੂਦ ਹੋਰਨਾਂ ਨੇ ਮ੍ਰਿਤਕ ਵਿਅਕਤੀ ਦੇ ਪਰਿਵਾਰ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਜੈਲਾ ਦੀ ਪਤਨੀ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ ਤੇ ਜੈਲਾ ਆਪਣੇ ਬਜ਼ੁਰਗ ਮਾਪਿਆਂ ਨਾਲ ਰਹਿੰਦਾ ਸੀ ਤੇ ਆਪਣੇ ਮਾਪਿਆਂ ਦਾ ਸਹਾਰਾ ਸੀ, ਜੈਲੇ ਦੇ 2 ਪੁੱਤਰ ਤੇ 1 ਧੀ ਹੈ।
Read More : ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਲਿਆ ਰਾਵੀ ਦਰਿਆ ਦਾ ਜਾਇਜ਼ਾ