ਵਰ੍ਹਦੇ ਮੀਂਹ ’ਚ ਟੈਂਕੀ ’ਤੇ ਬੈਠੀ ਮਨਪ੍ਰੀਤ ਕੌਰ ਨੇ ਇਨਸਾਫ ਦੀ ਕੀਤੀ ਮੰਗ
ਬਰਨਾਲਾ, 25 ਅਗਸਤ : ਜ਼ਿਲਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਕੁਰੜ ਵਿਖੇ ਅੱਜ ਉਸ ਵੇਲੇ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਹੱਲ ਨਾ ਹੋਣ ਕਾਰਨ ਮਨਪ੍ਰੀਤ ਕੌਰ ਨਾਮਕ ਔਰਤ ਸਵੇਰੇ ਪਿੰਡ ਵਿਚ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਈ। ਵਰ੍ਹਦੇ ਮੀਂਹ ’ਚ ਟੈਂਕੀ ’ਤੇ ਬੈਠੀ ਮਨਪ੍ਰੀਤ ਕੌਰ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਇਨਸਾਫ ਦੀ ਮੰਗ ਕੀਤੀ।
ਇਸ ਮੌਕੇ ਪਿੰਡ ਵਾਸੀਆਂ ਦੀ ਵੱਡੀ ਗਿਣਤੀ, ਗ੍ਰਾਮ ਪੰਚਾਇਤ ਅਤੇ ਸਰਪੰਚ ਸੁਖਵਿੰਦਰ ਦਾਸ ਬਾਵਾ ਨੇ ਇਕੱਠੇ ਹੋ ਕੇ ਮਸਲੇ ਨੂੰ ਪ੍ਰਸ਼ਾਸਨ ਦੇ ਧਿਆਨ ’ਚ ਲਿਆਂਦਾ। ਉਕਤ ਔਰਤ ਦੇ ਪੁੱਤਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਪਾਣੀ ਦੀ ਨਿਕਾਸੀ ਰੋਕੀ ਗਈ ਹੈ, ਜਿਸ ਕਰ ਕੇ ਘਰ ਅੰਦਰ ਪਾਣੀ ਭਰ ਗਿਆ ਹੈ। ਬਾਰਿਸ਼ ਕਾਰਨ ਹਾਲਾਤ ਹੋਰ ਵੀ ਖਰਾਬ ਹੋ ਗਏ ਹਨ ਅਤੇ ਘਰ ਦੀਆਂ ਕੰਧਾਂ ’ਚ ਤਰੇੜਾਂ ਪੈ ਗਈਆਂ ਹਨ। ਉਸਨੇ ਕਿਹਾ ਕਿ ਪ੍ਰਸ਼ਾਸਨ ਨੂੰ ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣ ਕਰ ਕੇ ਘਰ ਡਿੱਗਣ ਦੇ ਕਿਨਾਰੇ ਪਹੁੰਚ ਗਿਆ ਹੈ।
ਇਸ ਮੌਕੇ ਮਨਪ੍ਰੀਤ ਕੌਰ ਨੇ ਕਿਹਾ ਕਿ ਉਹ ਅਤੇ ਉਸ ਦਾ ਪਤੀ ਮਜ਼ਦੂਰੀ ਕਰ ਕੇ ਘਰ ਚਲਾਉਂਦੇ ਹਨ ਪਰ ਇਨਸਾਫ਼ ਨਾ ਮਿਲਣ ਕਾਰਨ ਉਸਨੂੰ ਟੈਂਕੀ ’ਤੇ ਚੜ੍ਹ ਕੇ ਰੋਸ ਪ੍ਰਗਟ ਕਰਨਾ ਪਿਆ। ਉਸ ਨੇ ਚਿਤਾਵਨੀ ਦਿੱਤੀ ਕਿ ਜਦ ਤੱਕ ਸਮੱਸਿਆ ਦਾ ਹੱਲ ਨਹੀਂ ਹੁੰਦਾ, ਉਸ ਦਾ ਸੰਘਰਸ਼ ਜਾਰੀ ਰਹੇਗਾ। ਪੰਜ ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਐੱਸ. ਡੀ. ਐੱਮ. ਮਹਿਲ ਕਲਾਂ ਜਗਰਾਜ ਸਿੰਘ ਕਾਹਲੋਂ ਅਤੇ ਤਹਿਸੀਲਦਾਰ ਪਵਨ ਕੁਮਾਰ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲੈ ਕੇ ਮਨਪ੍ਰੀਤ ਕੌਰ ਨੂੰ ਭਰੋਸਾ ਦਿਵਾਇਆ ਕਿ ਉਸ ਦੀਆਂ ਸਾਰੀਆਂ ਸ਼ਿਕਾਇਤਾਂ ਅਤੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕੀਤੇ ਜਾਣਗੇ।
ਇਸ ਭਰੋਸੇ ਤੋਂ ਬਾਅਦ ਮਨਪ੍ਰੀਤ ਕੌਰ ਟੈਂਕੀ ਤੋਂ ਹੇਠਾਂ ਉਤਰ ਗਈ। ਐੱਸ. ਡੀ. ਐੱਮ. ਨੇ ਮੌਕੇ ’ਤੇ ਹੀ ਸਬੰਧਤ ਅਧਿਕਾਰੀਆਂ ਨੂੰ ਬੁਲਾ ਕੇ ਰੁਕੀ ਨਿਕਾਸੀ ਖੁੱਲ੍ਹਵਾਈ ਅਤੇ ਮਸਲੇ ਨੂੰ ਸੂਝਬੂਝ ਨਾਲ ਹੱਲ ਕਰਵਾਇਆ।
Read More : ਕਈ ਯੂਰਪੀ ਦੇਸ਼ਾਂ ਨੇ ਅਮਰੀਕਾ ਜਾਣ ਵਾਲੀਆਂ ਡਾਕ ਸੇਵਾਵਾਂ ਕੀਤੀਆਂ ਮੁਅੱਤਲ