ਪਤਨੀ ਜ਼ਖਮੀ, ਧਾਰਮਿਕ ਸਥਾਨ ’ਤੇ ਮੱਥਾ ਟੇਕਣ ਜਾ ਰਹੇ ਸੀ ਪਤੀ-ਪਤਨੀ
ਮੋਗਾ, 16 ਅਗਸਤ :-ਮੋਗਾ ਤੋਂ ਥੋੜੀ ਦੂਰ ਬਾਘਾ ਪੁਰਾਣਾ ਨੇੜੇ ਧਾਰਮਿਕ ਸਥਾਨ ਪੀਰ ਨਿਗਾਹਾ ’ਤੇ ਮੱਥਾ ਟੇਕਣ ਜਾ ਰਹੇ ਨਵ- ਵਿਆਹੇ ਨੌਜਵਾਨ ਹਰਪ੍ਰੀਤ ਸਿੰਘ ਦੀ ਟਰੈਕਟਰ ਦੀ ਲਪੇਟ ਵਿਚ ਆਉਣ ਕਾਰਣ ਮੌਤ ਹੋ ਜਾਣ ਦਾ ਪਤਾ ਲੱਗਾ ਹੈ, ਜਦਕਿ ਉਸ ਦੀ ਪਤਨੀ ਮਨਪ੍ਰੀਤ ਕੌਰ ਇਸ ਹਾਦਸੇ ’ਚ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ, ਜਿਸ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਉਣਾ ਪਿਆ |
ਇਸ ਸਬੰਧ ਵਿਚ ਬਾਘਾ ਪੁਰਾਣਾ ਪੁਲਸ ਵੱਲੋਂ ਅੰਗਰੇਜ਼ ਸਿੰਘ ਨਿਵਾਸੀ ਪਿੰਡ ਰਾਮੂਵਾਲਾ ਜਲਾਲ ਕਾ ਦੀ ਸ਼ਿਕਾਇਤ ’ਤੇ ਰਾਜੂ ਨਿਵਾਸੀ ਪਿੰਡ ਬਿਲਾਸਪੁਰ ਛਤੀਸ਼ਗੜ੍ਹ, ਸਾਹਿਲ, ਸੁਮਲ ਨਿਵਾਸੀ ਬਾਘਾ ਪੁਰਾਣਾ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਤਿੰਨਾਂ ਨੂੰ ਗਿ੍ਫਤਾਰ ਕਰ ਲਿਆ |
ਹੌਲਦਾਰ ਹਰਜੀਤ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਜਿਸ ਦਾ ਵਿਆਹ ਕਰੀਬ ਕੁਝ ਦਿਨ ਪਹਿਲਾਂ ਹੀ ਹੋਇਆ ਸੀ ਆਪਣੀ ਪਤਨੀ ਨਾਲ ਮੋਟਰਸਾਈਕਲ ’ਤੇ ਡੇਰਾ ਪੀਰ ਨਿਗਾਹਾ ਮੱਥਾ ਟੇਕਣ ਦੇ ਲਈ ਜਾ ਰਹੇ ਸੀ ਤਾਂ ਜਦੋਂ ਉਹ ਕੋਲਡ ਸਟੋਰ ਬਾਘਾ ਪੁਰਾਣਾ ਦੇ ਕੋਲ ਪੱੁਜੇ ਤਾਂ ਕਥਿਤ ਮੁਲਜ਼ਮ ਰਾਜੂ ਜੋ ਟਰੈਕਟਰ ਚਲਾ ਰਿਹਾ ਸੀ ਨੇ ਮੋਟਰ ਸਾਈਕਲ ਨੂੰ ਟੱਕਰ ਮਾਰੀ। ਇਸ ਹਾਦਸੇ ’ਚ ਹਰਪ੍ਰੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਮਨਪ੍ਰੀਤ ਕੌਰ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ |
ਜਾਂਚ ਅਧਿਕਾਰੀ ਹੌਲਦਾਰ ਹਰਜੀਤ ਸਿੰਘ ਨੇ ਦੱਸਿਆ ਕਿ ਟਰੈਕਟਰ ਨੂੰ ਫਰਮ ਦੇ ਮਾਲਕ ਸਾਹਿਲ ਅਤੇ ਸੁਮਲ ਨੇ ਲਾਈਟਾਂ ਉਤਾਰ ਕੇ ਲੋਡਰ ਲਗਵਾ ਕੇ ਦਿੱਤਾ ਸੀ, ਜਿਸ ਕਾਰਣ ਇਹ ਹਾਦਸਾ ਹੋਇਆ, ਜਿਸ ’ਤੇ ਤਿੰਨਾਂ ਮੁਲਜਮਾਂ ਦੇ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ | ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਵਾਰਿਸਾਂ ਦੇ ਹਵਾਲੇ ਕੀਤਾ ਗਿਆ।
Read More : ਘਨਗਰ ਕੀਰਤਨ ਦੇ ਪ੍ਰਬੰਧਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਜਥਾ ਰਵਾਨਾ