ਬਟਾਲਾ, 11 ਅਗਸਤ :-ਅੱਜ ਦੁਪਹਿਰ ਸਮੇਂ ਅੱਡਾ ਦਾਲਮ ਨੰਗਲ ਵਿਖੇ ਕਾਂਗਰਸ ਦੇ ਸਾਬਕਾ ਸਰਪੰਚ ’ਤੇ ਅਣਪਛਾਤਿਆਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਸਿਵਲ ਹਸਪਤਾਲ ਬਟਾਲਾ ’ਚ ਜ਼ੇਰੇ ਇਲਾਜ ਜੋਗਾ ਸਿੰਘ ਪੁੱਤਰ ਰਘਬੀਰ ਸਿੰਘ ਨੇ ਦੱਸਿਆ ਕਿ ਮੇਰੀ ਅੱਡਾ ਦਾਲਮ ਨੰਗਲ ਵਿਖੇ ਡਾਕਟਰੀ ਦੀ ਦੁਕਾਨ ਹੈ ਅਤੇ ਦੁਪਹਿਰ ਸਮੇਂ ਮੈਂ ਆਪਣੀ ਦੁਕਾਨ ਦੇ ਅੰਦਰ ਬੈਠਾ ਹੋਇਆ ਸੀ। ਇਸ ਦੌਰਾਨ ਇਕ ਬੁਲੇਟ-ਮੋਟਰਸਾਈਕਲ ’ਤੇ ਸਵਾਰ ਹੋ ਕੇ ਦੋ ਨੌਜਵਾਨ ਆਏ, ਜਿਨ੍ਹਾਂ ’ਚੋਂ ਇਕ ਨੌਜਵਾਨ ਨੇ ਸਟੋਰ ਅੰਦਰ ਦਾਖਲ ਹੋ ਕੇ ਮੇਰੇ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਫਰਾਰ ਹੋ ਗਏ।
ਉਸ ਦੱਸਿਆ ਕਿ ਗੋਲੀ ਲੱਗਣ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਉਪਰੰਤ ਮੇੇਰੇ ਨਾਲ ਦੇ ਸਾਥੀਆਂ ਨੇ ਮੈਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਦਾਖਲ ਕਰਵਾਇਆ। ਓਧਰ, ਇਹ ਵੀ ਪਤਾ ਲੱਗਾ ਹੈ ਕਿ ਜੋਗਾ ਸਿੰਘ ਦੀ ਹਾਲਤ ਨਾਜ਼ੁਕ ਹੁੰਦੀ ਦੇਖ ਡਾਕਟਰਾਂ ਨੇ ਇਸ ਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਹੈ।
ਇਸ ਬਾਰੇ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੇ ਹਲਕਾ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਆਪਣੇ ਸਾਥੀ ਕੋਲ ਸਿਵਲ ਹਸਪਤਾਲ ਵਿਖੇ ਪਹੁੰਚੇ ਅਤੇ ਹਾਲ ਚਾਲ ਜਾਣਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਬਹੁਤ ਨਾਜ਼ੁਕ ਬਣ ਰਹੇ ਹਨ। ਮਾਨ ਸਾਹਿਬ! ਜਾਗੋ, ਪੰਜਾਬ ਦੇ ਲੋਕ ਅਤੇ ਦੁਕਾਨਦਾਰ ਗੋਲੀਆਂ ਦੇ ਸਾਏ ਹੇਠ ਜੀਅ ਰਹੇ ਹਨ ਅਤੇ ਲਾਅ ਐਂਡ ਆਰਡਰ ਸਥਿਤੀ ਨੂੰ ਕਾਇਮ ਕਰੋ ਤਾਂ ਜੋ ਆਮ ਆਦਮੀ ਖੁਦ ਨੂੰ ਸੁਰੱਖਿਅਤ ਮਹਿਸੂਸ ਕਰ ਸਕੇ।
ਇਸ ਸਬੰਧੀ ਥਾਣਾ ਕਿਲਾ ਲਾਲ ਸਿੰਘ ਦੇ ਐੱਸ. ਐੱਚ. ਓ. ਕੰਵਲਪ੍ਰੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਬਣਦੀ ਕਾਨੂੰਨੀ ਕਾਰਵਾਈ ਕਰਨੀ ਆਰੰਭ ਕਰ ਦਿੱਤੀ ਹੈ।
Read More : ਸ਼੍ਰੋਮਣੀ ਅਕਾਲੀ ਦਲ ਦੇ ਗਿਆਨੀ ਹਰਪ੍ਰੀਤ ਸਿੰਘ ਸਰਬਸੰਮਤੀ ਨਾਲ ਬਣੇ ਪ੍ਰਧਾਨ