ਜਵਾਬੀ ਕਾਰਵਾਈ ਵਿਚ ਪੁਲਸ ਨੇ ਮੁਲਜ਼ਮ ਦੀ ਲੱਤ ’ਤੇ ਗੋਲੀ ਮਾਰ ਕੇ ਕੀਤਾ ਕਾਬੂ
ਅੰਮ੍ਰਿਤਸਰ, 9 ਅਗਸਤ : ਵਿਦੇਸ਼ ਵਿਚ ਬੈਠੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਇਸ਼ਾਰੇ ’ਤੇ ਖਾਲਿਸਤਾਨ ਦੇ ਨਾਅਰੇ ਲਿਖਣ ਵਾਲੇ ਜਸ਼ਨਪ੍ਰੀਤ ਸਿੰਘ ਨੇ ਪਿਸਤੌਲ ਬਰਾਮਦਗੀ ਸਮੇਂ ਪੁਲਿਸ ਪਾਰਟੀ ’ਤੇ ਗੋਲੀ ਚਲਾ ਦਿੱਤੀ। ਜਵਾਬੀ ਗੋਲੀਬਾਰੀ ਕਰਦੇ ਹੋਏ ਪੁਲਿਸ ਨੇ ਮੁਲਜ਼ਮ ਦੀ ਲੱਤ ’ਤੇ ਗੋਲੀ ਮਾਰ ਕੇ ਉਸ ਨੂੰ ਕਾਬੂ ਕਰ ਲਿਆ। ਜ਼ਖ਼ਮੀ ਹਾਲਤ ’ਚ ਮੁਲਜ਼ਮ ਨੂੰ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਸੀਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਜ਼ਮ ਵੱਲੋਂ ਦਿੱਤੀ ਗਈ ਜਾਣਕਾਰੀ ’ਤੇ 9 ਐੱਮਐੱਮ ਪਿਸਤੌਲ ਬਰਾਮਦ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਬਟਾਲਾ ਦੇ ਕੋਟਲੀ ਸੂਰਤ ਮੱਲ੍ਹੀਆਂ ਥਾਣਾ ਅਧੀਨ ਪਿੰਡ ਦਰਗਾਬਾਦ ਦੇ ਰਹਿਣ ਵਾਲੇ ਜਸ਼ਨਪ੍ਰੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸ ਨੇ ਏਅਰਪੋਰਟ ਰੋਡ ’ਤੇ ਸਥਿਤ ਹੋਟਲ ਰੈਡੀਸਨ ਬਲੂ ਦੇ ਪਿੱਛੇ ਸੁੰਨਸਾਨ ਜਗ੍ਹਾ ’ਤੇ ਵਿਦੇਸ਼ੀ ਪਿਸਤੌਲ ਲੁਕੋਇਆ ਹੈ।
ਇਸ ਤੋਂ ਬਾਅਦ ਕੈਂਟ ਥਾਣੇ ਦੇ ਇੰਸਪੈਕਟਰ ਮਨੋਜ ਕੁਮਾਰ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਮੁਲਜ਼ਮ ਦੇ ਨਾਲ ਪਿਸਤੌਲ ਬਰਾਮਦ ਕਰਨ ਲਈ ਰਵਾਨਾ ਹੋਈ। ਪੁਲਿਸ ਟੀਮ ਮੁਲਜ਼ਮ ਨੂੰ ਉਸ ਵੱਲੋਂ ਦੱਸੀ ਗਈ ਜਗ੍ਹਾ ’ਤੇ ਲੈ ਗਈ ਅਤੇ ਉਸ ਨੂੰ ਖੁੱਲ੍ਹਾ ਛੱਡ ਦਿੱਤਾ। ਕੁਝ ਦੇਰ ਭਾਲ ਕਰਨ ਤੋਂ ਬਾਅਦ ਮੁਲਜ਼ਮ ਨੇ ਪਿਸਤੌਲ ਕੱਢਿਆ ਅਤੇ ਪੁਲਿਸ ’ਤੇ ਗੋਲੀ ਚਲਾ ਦਿੱਤੀ।
ਪੁਲਿਸ ਪਾਰਟੀ ਨੇ ਕਿਸੇ ਤਰ੍ਹਾਂ ਆਪਣਾ ਬਚਾਅ ਕੀਤਾ ਅਤੇ ਇੰਸਪੈਕਟਰ ਮਨੋਜ ਨੇ ਆਪਣੇ ਸਰਵਿਸ ਪਿਸਤੌਲ ਨਾਲ ਜਸ਼ਨਪ੍ਰੀਤ ਦੀ ਲੱਤ ’ਤੇ ਗੋਲੀ ਮਾਰ ਦਿੱਤੀ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਪਿਸਤੌਲ ਉਸ ਦੇ ਕਬਜ਼ੇ ਵਿਚੋਂ ਬਰਾਮਦ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
Read More : ਨਿੱਜੀ ਹਸਪਤਾਲ ‘ਚ ਲੱਗੀ ਭਿਆਨਕ ਅੱਗ, ਇਕ ਦੀ ਮੌਤ, 10 ਜ਼ਖ਼ਮੀ