ਲੈਵਲ 7 ਤੋਂ ਘਟਾ ਕੇ ਲੈਵਲ 6 ’ਚ ਕੀਤੀ ਤਰੱਕੀ
ਸੰਗਰੂਰ, 6 ਅਗਸਤ : ਵਿੱਤ ਵਿਭਾਗ ’ਚ ਕੰਮ ਕਰ ਰਹੇ ਮੁਲਾਜ਼ਮਾਂ ਵੱਲੋਂ ਲੰਬੇ ਸਮੇਂ ਤੋਂ ਆਪਣੀਆਂ ਤਰੱਕੀਆਂ ਲਈ ਉਡੀਕ ਕੀਤੀ ਜਾ ਰਹੀ ਸੀ। ਵਿੱਤ ਵਿਭਾਗ ਵੱਲੋਂ ਤਰੱਕੀਆਂ ਦੇ ਨਾਂ ’ਤੇ ਮੁਲਾਜ਼ਮਾਂ ਨਾਲ ਕੋਝਾ ਮਜ਼ਾਕ ਕੀਤਾ ਗਿਆ ਹੈ।
ਪਹਿਲਾਂ ਤੋਂ ਹੀ ਬਤੌਰ ਜੂਨੀਅਰ ਸਹਾਇਕ ਲੈਵਲ 7 ’ਚ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਬਤੌਰ ਸਹਾਇਕ ਖਜ਼ਾਨਚੀ ਲੈਵਲ 6 ’ਚ ਤਰੱਕੀ ਕੀਤਾ ਗਿਆ ਹੈ ਜੋ ਕਿ ਪ੍ਰਮੋਸ਼ਨ ਦੀ ਥਾਂ ’ਤੇ ਡਿਮੋਸ਼ਨ ਹੈ। ਜਿਸ ਕਾਰਨ ਵਿੱਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਰੋਸ ਪ੍ਰਗਟ ਕਰਦੇ ਹੋੲ ਪੰਜਾਬ ਸਟੇਟ ਖਜ਼ਾਨਾ ਕਰਮਚਾਰੀ ਐਸੋਸੀਏਸ਼ਨ ਵੱਲੋਂ ਪੂਰੇ ਪੰਜਾਬ ’ਚ 2 ਘੰਟੇ ਦੀ ਕਲਮ ਛੋੜ ਹੜਤਾਲ ਕੀਤੀ ਗਈ ਅਤੇ ਤਰੱਕੀਆਂ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਵਿਭਾਗ ਨੂੰ ਇਸ ਸਬੰਧੀ ਮੁੜ ਵਿਚਾਰ ਕਰਦੇ ਹੋਏ ਜੂਨੀਅਰ ਸਹਾਇਕਾਂ ਨੂੰ ਇਨ੍ਹਾਂ ਦੀਆਂ ਬਣਦੀਆਂ ਤਰੱਕੀਆਂ ਬਤੌਰ ਸੀਨੀਅਰ ਸਹਾਇਕ ਲੈਵਲ 11 ’ਚ ਕਰਨ ਦੀ ਮੰਗ ਕੀਤੀ ਗਈ।
ਇਸ ਮੌਕੇ ਖਜ਼ਾਨਾ ਯੂਨੀਅਨ ਸੰਗਰੂਰ ਦੇ ਪ੍ਰਧਾਨ ਲਛਮਣ ਸਿੰਘ ਤੇ ਜਨਰਲ ਸਕੱਤਰ ਗੁਰਸੰਤ ਸਿੰਘ ਵੱਲੋਂ ਦੱਸਿਆ ਗਿਆ ਕਿ ਵਿਭਾਗ ਵੱਲੋਂ ਮੁਲਾਜ਼ਮਾਂ ਨਾਲ ਤਰੱਕੀਆ ਦੇ ਨਾਂ ’ਤੇ ਕੋਝਾ ਮਜ਼ਾਕ ਕੀਤਾ ਗਿਆ ਹੈ ਜਿਸ ਨਾਲ ਮੁਲਾਜ਼ਮਾਂ ਦਾ ਮਨੋਬਲ ਡਿੱਗਿਆ ਹੈ ਅਤੇ ਮੁਲਾਜ਼ਮਾਂ ਦਾ ਭਵਿੱਖ ਵੀ ਸੁਰੱਖਿਅਤ ਨਹੀਂ ਹੈ। ਜਿਸ ਲਈ ਵਿਭਾਗ ਨੂੰ ਮੁਲਾਜ਼ਮਾਂ ਦੀਆਂ ਬਣਦੀਆਂ ਜਾਇਜ਼ ਤਰੱਕੀਆਂ ਕਰਨ ਸਬੰਧੀ ਅਪੀਲ ਕੀਤੀ ਗਈ ਅਤੇ ਕਿਹਾ ਗਿਆ ਕਿ ਜੇਕਰ ਵਿਭਾਗ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਪੰਜਾਬ ਸਟੇਟ ਖਜ਼ਾਨਾ ਕਰਮਚਾਰੀ ਐਸੋਸੀਏਸ਼ਨ ਵੱਲੋਂ ਹੋਰ ਵੀ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਇਸ ਮੌਕੇ ਪੈਨਸ਼ਨਰ ਯੂਨੀਅਨ ਸੰਗਰੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਜੱਸੀ ਵੱਲੋਂ ਖਜ਼ਾਨਾ ਮੁਲਾਜ਼ਮਾਂ ਨਾਲ ਹੋਏ ਧੱਕੇ ਸਬੰਧੀ ਸਰਕਾਰ ਦਾ ਪਿੱਟ-ਸਿਆਪਾ ਕੀਤਾ ਅਤੇ ਖਜ਼ਾਨਾ ਯੂਨੀਅਨ ਨਾਲ ਹਰ ਸੰਘਰਸ਼ ’ਚ ਡਟ ਕੇ ਸਮਰਖਨ ਕਰਨ ਦਾ ਵਿਸ਼ਵਾਸ ਦਿਵਾਇਆ।
ਇਸ ਮੌਕੇ ਪੈਨਸ਼ਨਰ ਯੂਨੀਅਨ ਦਿੜ੍ਹਬਾ ਦੇ ਪ੍ਰਧਾਨ ਦਰਸ਼ਨ ਸਿੰਘ ਰੋਗਲਾ, ਰਾਜ ਕੁਮਾਰ ਅਰੋੜਾ, ਜੰਟ ਸਿੰਘ ਮੀਤ ਪ੍ਰਧਾਨ, ਸੁਰਿੰਦਰ ਸਿੰਘ ਸੋਢੀ, ਸਤਪਾਲ ਸਿੰਗਲਾ, ਅਵੀਨਾਸ਼ ਸ਼ਰਮਾਂ, ਪੀ ਸੀ ਵਾਘਾ, ਹਰਵਿੰਦਰ ਸਿੰਘ ਭੱਠਲ, ਰਾਜ ਸਿੰਘ, ਮਲਕੀਤ ਸਿੰਘ, ਵੱਲੋਂ ਬਹੁਮੱਲੇ ਵਿਚਾਰ ਪੇਸ਼ ਕੀਤੇ ਅਤੇ ਸਰਕਾਰ ਵਿਰੱੁਧ ਰੋਸ ਜ਼ਾਹਿਰ ਕੀਤਾ। ਇਸ ਮੌਕੇ ਸਮੂਹ ਖਜ਼ਾਨਾ ਵਿਭਾਗ ਦੇ ਕਰਮਚਾਰੀ ਮੌਜੂਦ ਸਨ।
Read More : ਟਿੱਪਰ ਨੇ ਪੈਦਲ ਜਾ ਰਹੀ ਵਿਦਿਆਰਥਣ ਨੂੰ ਕੁਚਲਿਆ, ਮੌਤ