ਹਾਜੀਪੁਰ ਬਲਾਕ ਦੇ ਪਿੰਡਾਂ ’ਚ ਡਰ ਦਾ ਮਾਹੌਲ
ਹੁਸ਼ਿਆਰਪੁਰ 1 ਸਤੰਬਰ : ਪੌਂਗ ਡੈਮ ਤੋਂ ਲਗਾਤਾਰ ਛੱਡੇ ਜਾ ਰਹੇ ਪਾਣੀ ਕਾਰਨ ਪੈਦਾ ਹੋਈ ਗੰਭੀਰ ਸਥਿਤੀ ਦੇ ਚੱਲਦਿਆਂ, ਹਾਜੀਪੁਰ ਬਲਾਕ ਦੇ ਪਿੰਡਾਂ, ਜਿਵੇਂ ਕਿ ਹੰਦਵਾਲ, ਬੇਲਾ ਸਰੀਆਣਾ, ਪੱਤੀ ਨਵੇਂ ਘਰ, ਚੰਗੜਾਵਾਂ ਅਤੇ ਝੰਗ ਆਦਿ ਦੇ ਲੋਕ ਇਸ ਹਾਲਾਤ ਤੋਂ ਬਹੁਤ ਡਰੇ ਹੋਏ ਹਨ।
ਪਿਛਲੇ ਕੁਝ ਦਿਨਾਂ ਤੋਂ ਡੈਮ ਤੋਂ ਪਾਣੀ ਛੱਡਣ ਦੀ ਪ੍ਰਕਿਰਿਆ ਜਾਰੀ ਹੈ, ਜਿਸ ਨਾਲ ਬਿਆਸ ਦਰਿਆ ਦਾ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ। ਦਰਿਆ ਦਾ ਪਾਣੀ ਹੁਣ ਖੇਤਾਂ ਅਤੇ ਰਿਹਾਇਸ਼ੀ ਇਲਾਕਿਆਂ ਦੇ ਨੇੜੇ ਪਹੁੰਚ ਗਿਆ ਹੈ, ਜਿਸ ਨਾਲ ਹੜ੍ਹ ਦਾ ਖਤਰਾ ਵੱਧ ਗਿਆ ਹੈ।
ਇੱਥੋਂ ਦੇ ਨਿਵਾਸੀਆਂ ਨੂੰ ਸਾਲ 2023 ਵਿਚ ਆਏ ਭਿਆਨਕ ਹੜ੍ਹ ਦੀ ਯਾਦ ਸਤਾ ਰਹੀ ਹੈ, ਜਦੋਂ ਉਨ੍ਹਾਂ ਦੇ ਘਰ ਅਤੇ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ ਸਨ। ਇਸ ਡਰ ਕਾਰਨ ਕਈ ਲੋਕ ਰਾਤ ਭਰ ਸੌਂ ਵੀ ਨਹੀਂ ਪਾ ਰਹੇ ਹਨ। ਅੱਜ ਪੌਂਗ ਡੈਮ ਤੋਂ ਟਰਬਾਈਨਾਂ ਅਤੇ ਸਪਿੱਲਵੇਅ ਗੇਟਾਂ ਰਾਹੀਂ ਕੁੱਲ 99942 ਕਿਊਸਿਕ ਪਾਣੀ ਸ਼ਾਹ ਨਹਿਰ ਬੈਰਾਜ ਵਿਚ ਛੱਡਿਆ ਗਿਆ।
ਜਾਣਕਾਰੀ ਅਨੁਸਾਰ ਅੱਜ ਸ਼ਾਮ 7 ਵਜੇ ਪੌਂਗ ਡੈਮ ਝੀਲ ਵਿਚ ਪਾਣੀ ਦੀ ਆਮਦ 99942 ਕਿਊਸਿਕ ਨੋਟ ਕੀਤੀ ਗਈ ਅਤੇ ਡੈਮ ਦਾ ਪਾਣੀ ਦਾ ਪੱਧਰ 1390.29 ਫੁੱਟ ਦਰਜ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਸ਼ਾਹ ਨਹਿਰ ਬੈਰਾਜ ਤੋਂ 90442 ਕਿਊਸਿਕ ਪਾਣੀ ਬਿਆਸ ਦਰਿਆ ਵਿਚ ਅਤੇ 11500 ਕਿਊਸਿਕ ਪਾਣੀ ਮੁਕੇਰੀਆਂ ਹਾਈਡਲ ਨਹਿਰ ਵਿਚ ਛੱਡਿਆ ਜਾ ਰਿਹਾ ਹੈ।
Read More : ਹਿਮਾਚਲ ਵਿਚ ਮੀਂਹ ਕਾਰਨ 2 ਘਰ ਡਿੱਗੇ, ਪਿਉ-ਧੀ ਸਮੇਤ ਤਿੰਨ ਦੀ ਮੌਤ