ਕਾਸ਼ੀਬੁੱਗਾ, 1 ਨਵੰਬਰ : ਆਂਧਰਾ ਪ੍ਰਦੇਸ਼ ਵਿਚ ਸ਼੍ਰੀਕਾਕੁਲਮ ਜ਼ਿਲੇ ਦੇ ਕਾਸ਼ੀਬੁੱਗਾ ’ਚ ਇਕ ਮੰਦਰ ਵਿਚ ਸ਼ਨੀਵਾਰ ਨੂੰ ਭਗਦੜ ਮਚਣ ਨਾਲ 8 ਔਰਤਾਂ ਤੇ ਇਕ ਮੁੰਡੇ ਸਮੇਤ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਸ ਤੋਂ ਪਹਿਲਾਂ ਸ਼੍ਰੀਕਾਕੁਲਮ ਜ਼ਿਲਾ ਕੁਲੈਕਟਰ ਨੇ ਮ੍ਰਿਤਕਾਂ ਦੀ ਗਿਣਤੀ 10 ਦੱਸੀ ਸੀ।
ਸ਼੍ਰੀਕਾਕੁਲਮ ਦੇ ਪੁਲਸ ਸੁਪਰਡੈਂਟ ਕੇ. ਵੀ. ਮਹੇਸ਼ਵਰ ਰੈੱਡੀ ਨੇ ਦੱਸਿਆ ਕਿ 9 ਲੋਕਾਂ ਦੀ ਮੌਤ ਹੋਈ ਹੈ। ਇਕ ਵਿਅਕਤੀ ਦੀ ਹਾਲਤ ਗੰਭੀਰ ਹੈ। 12 ਸਾਲਾ ਇਕ ਮੁੰਡੇ ਦੀ ਮੌਤ ਹੋਈ ਹੈ। ਬਾਕੀ ਸਾਰੀਆਂ ਮ੍ਰਿਤਕ ਔਰਤਾਂ ਹਨ। ਇਹ ਕੋਈ ਸਰਕਾਰੀ ਮੰਦਰ ਨਹੀਂ। ਇਸ ਦਾ ਨਿਰਮਾਣ ਕੁਝ ਸਮਾਂ ਪਹਿਲਾਂ ਹੀ ਕੀਤਾ ਗਿਆ ਹੈ।’’
ਕਾਸ਼ੀਬੁੱਗਾ ਸਬ-ਡਵੀਜ਼ਨ ਦੇ ਇੰਚਾਰਜ ਡੀ. ਐੱਸ. ਪੀ. ਲਕਸ਼ਮਣ ਰਾਓ ਨੇ ਦੱਸਿਆ ਕਿ ਭਾਜੜ ਸਵੇਰੇ ਲੱਗਭਗ ਸਾਢੇ 11 ਵਜੇ ਕਾਸ਼ੀਬੁੱਗਾ ਸ਼ਹਿਰ ਦੇ ਵੈਂਕਟੇਸ਼ਵਰ ਸਵਾਮੀ ਮੰਦਰ ’ਚ ਮਚੀ।
ਹਾਦਸਾ ਪੌੜੀਆਂ ਦੇ ਨੇੜੇ ਲੱਗੀ ਲੋਹੇ ਦੀ ਗਰਿੱਲ ਦੇ ਡਿੱਗਣ ਕਾਰਨ ਹੋਇਆ, ਜਿਸ ਤੋਂ ਬਾਅਦ ਲੋਕ ਡਰ ਗਏ ਅਤੇ ਉਨ੍ਹਾਂ ਨੂੰ ਲੱਗਾ ਕਿ ਕੁਝ ਡਿੱਗ ਰਿਹਾ ਹੈ। ਘਬਰਾਹਟ ਕਾਰਨ ਉਹ ਕਰੀਬ 6 ਫੁੱਟ ਦੀ ਉਚਾਈ ਤੋਂ ਡਿੱਗ ਪਏ। ਭਗਦੜ ਵਰਗੀ ਕੋਈ ਘਟਨਾ ਨਹੀਂ ਵਾਪਰੀ।
ਉਨ੍ਹਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਇਕ ਹਾਦਸਾ ਹੈ ਅਤੇ ਮਾਲਕ ਦੀ ਗਲਤੀ ਕਾਰਨ ਅਜਿਹਾ ਹੋਇਆ ਹੈ। ਉਨ੍ਹਾਂ ਪੁਲਸ ਬੰਦੋਬਸਤ ਲਈ ਅਪਲਾਈ ਨਹੀਂ ਕੀਤਾ ਸੀ, ਇਸ ਲਈ ਕੋਈ ਇਜਾਜ਼ਤ ਵੀ ਨਹੀਂ ਲਈ ਗਈ ਸੀ।
ਮੋਦੀ ਨੇ ਮ੍ਰਿਤਕਾਂ ਦੇ ਪੀੜਤਾਂ ਲਈ 2-2 ਲੱਖ ਰੁਪਏ ਦਾ ਐਲਾਨ ਕੀਤਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ ’ਚੋਂ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 2,000 ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ।
ਮੋਦੀ ਨੇ ‘ਐਕਸ’ ’ਤੇ ਲਿਖਿਆ,‘‘ਆਂਧਰਾ ਪ੍ਰਦੇਸ਼ ਦੇ ਸ਼੍ਰੀਕਾਕੁਲਮ ’ਚ ਸਥਿਤ ਵੈਂਕਟੇਸ਼ਵਰ ਸਵਾਮੀ ਮੰਦਰ ਵਿਚ ਭਾਜੜ ਮਚਣ ਦੀ ਘਟਨਾ ਦੀ ਦੁਖੀ ਹਾਂ। ਆਪਣੇ ਪਿਆਰਿਆਂ ਨੂੰ ਗੁਆਉਣ ਵਾਲੇ ਲੋਕਾਂ ਪ੍ਰਤੀ ਹਮਦਰਦੀ ਪ੍ਰਗਟ ਕਰਦਾ ਹਾਂ। ਜ਼ਖਮੀਆਂ ਦੇ ਜਲਦ ਤੰਦਰੁਸਤ ਹੋਣ ਦੀ ਕਾਮਨਾ ਕਰਦਾ ਹਾਂ।’’
ਆਂਧਰਾ ਪ੍ਰਦੇਸ਼ ਦੀ ਗ੍ਰਹਿ ਮੰਤਰੀ ਵੀ. ਅਨੀਤਾ ਨੇ ਕਿਹਾ ਕਿ ਇਸ ਘਟਨਾ ’ਚ ਘੱਟੋ-ਘੱਟ 5 ਵਿਅਕਤੀ ਜ਼ਖਮੀ ਹੋਏ ਹਨ। ਮ੍ਰਿਤਕਾਂ ਵਿਚ ਘੱਟੋ-ਘੱਟ 7 ਦੀ ਉਮਰ 35-40 ਸਾਲ ਦੇ ਵਿਚਕਾਰ ਹੈ।
Read More : ਸਰਕਾਰ ਦਾ ਉਦੇਸ਼ ਸੂਬੇ ਦਾ ਸੰਤੁਲਿਤ ਵਿਕਾਸ ਕਰਨਾ : ਵਿਧਾਇਕ ਕੁਲਵੰਤ ਸਿੰਘ
