ਸਵਿਫਟ ਅਤੇ ਈ-ਰਿਕਸ਼ਾ ਦੀ ਟੱਕਰ
ਗੁਰਦਾਸਪੁਰ, 23 ਜੂਨ :– ਗੁਰਦਾਸਪੁਰ ਦੇ ਸਿਵਲ ਹਸਪਤਾਲ ਦੇ ਬਾਹਰ ਨੈਸ਼ਨਲ ਹਾਈਵੇ ’ਤੇ ਇਕ ਸਵਿਫਟ ਕਾਰ ਅਤੇ ਈ-ਰਿਕਸ਼ਾ ਵਿਚਾਲੇ ਹੋਈ ਟੱਕਰ ਕਾਰਨ ਇਕ ਬੇਹੱਦ ਦਰਦਨਾਕ ਹਾਦਸਾ ਵਾਪਰਿਆ, ਜਿਸ ’ਚ ਈ-ਰਿਕਸ਼ਾ ਵਿਚ ਸਵਾਰ 9 ਮਹੀਨੇ ਦੀ ਗਰਭਵਤੀ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ’ਚ ਔਰਤ ਦਾ ਪਤੀ, 2 ਛੋਟੀਆਂ ਬੱਚੀਆਂ ਅਤੇ ਈ-ਰਿਕਸ਼ਾ ਚਾਲਕ ਗੰਭੀਰ ਜ਼ਖਮੀ ਹੋ ਗਏ।
ਟੱਕਰ ਇੰਨੀ ਭਿਆਨਕ ਸੀ ਕਿ ਈ-ਰਿਕਸ਼ਾ ਚਾਲਕ ਸੜਕ ’ਤੇ ਡਿੱਗਦੇ ਹੋਏ ਸਾਹਮਣੇ ਤੋਂ ਆ ਰਹੇ ਇਕ ਹੋਰ ਈ-ਰਿਕਸ਼ਾ ਨਾਲ ਟਕਰਾ ਗਿਆ, ਜਿਸ ਕਾਰਨ ਉਸ ਈ-ਰਿਕਸ਼ਾ ਦਾ ਚਾਲਕ ਅਤੇ ਇਕ ਹੋਰ ਯਾਤਰੀ ਵੀ ਜ਼ਖਮੀ ਹੋ ਗਏ। ਕੁੱਲ ਮਿਲਾ ਕੇ ਇਸ ਹਾਦਸੇ ’ਚ 1 ਔਰਤ ਦੀ ਮੌਤ ਹੋਈ ਅਤੇ 6 ਲੋਕ ਜ਼ਖਮੀ ਹੋਏ।
ਜਾਣਕਾਰੀ ਅਨੁਸਾਰ ਮ੍ਰਿਤਕਾ, ਜੋ ਕਿ 9 ਮਹੀਨੇ ਦੀ ਗਰਭਵਤੀ ਸੀ, ਆਪਣੇ ਪਤੀ ਅਤੇ 2 ਛੋਟੀਆਂ ਬੱਚੀਆਂ ਨਾਲ ਪਠਾਨਕੋਟ ਦੇ ਪਿੰਡ ਸਰਨਾ ਤੋਂ ਗੁਰਦਾਸਪੁਰ ਦੇ ਸਿਵਲ ਹਸਪਤਾਲ ’ਚ ਨਿਯਮਤ ਜਾਂਚ ਲਈ ਆ ਰਹੀ ਸੀ। ਜਿਵੇਂ ਹੀ ਉਨ੍ਹਾਂ ਦਾ ਈ-ਰਿਕਸ਼ਾ ਸਿਵਲ ਹਸਪਤਾਲ ਦੇ ਮੋੜ ’ਤੇ ਪਹੁੰਚਿਆ, ਪਿੱਛੇ ਤੋਂ ਆ ਰਹੀ ਤੇਜ਼ ਰਫ਼ਤਾਰ ਸਵਿਫਟ ਕਾਰ ਦੀ ਈ-ਰਿਕਸ਼ੇ ਨਾਲ ਜ਼ੋਰਦਾਰ ਟੱਕਰ ਹੋ ਗਈ।
ਇਸ ਤੋਂ ਬਾਅਦ ਈ-ਰਿਕਸ਼ਾ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੇ ਦੂਸਰੇ ਈ-ਰਿਕਸ਼ਾ ਨਾਲ ਜਾ ਟਕਰਾਇਆ। ਹਾਦਸੇ ’ਚ ਗਰਭਵਤੀ ਔਰਤ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਉਸ ਦਾ ਪਤੀ, 2 ਮਾਸੂਮ ਬੱਚੀਆਂ ਅਤੇ ਦੋਵੇਂ ਈ-ਰਿਕਸ਼ਾ ਚਾਲਕਾਂ ਦੇ ਨਾਲ-ਨਾਲ ਦੂਸਰੇ ਈ-ਰਿਕਸ਼ਾ ਦਾ ਇਕ ਸਵਾਰੀ ਵੀ ਜ਼ਖਮੀ ਹੋ ਗਿਆ।
ਇਸ ਮੌਕੇ ਆਸ-ਪਾਸ ਮੌਜੂਦ ਲੋਕਾਂ ਨੇ ਤੁਰੰਤ ਸਾਰੇ ਜ਼ਖਮੀਆਂ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ। ਪੁਲਸ ਨੇ ਦੋਵੇਂ ਨੁਕਸਾਨੇ ਗਏ ਵਾਹਨਾਂ ਨੂੰ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Read More : ਸਿੱਧੂ ਮੂਸੇਵਾਲਾ ਡਾਕੂਮੈਂਟਰੀ ਵਿਵਾਦ