ਪੁਲਸ ਮੁਲਾਜ਼ਮਾਂ ਸਮੇਤ ਸੁਰੱਖਿਆ ਗਾਰਡ ਦੀ ਕਾਰਗੁਜ਼ਾਰੀ ’ਤੇ ਉੱਠੇ ਸਵਾਲ
ਮਾਲੇਰਕੋਟਲਾ, 3 ਜੂਨ :- ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਨਸ਼ਾ ਛੁਡਾਊ ਕੇਂਦਰ ਵਿਚ ਨਸ਼ਾ ਛੱਡਣ ਲਈ ਪੁਲਸ ਵੱਲੋਂ ਦਾਖਲ ਕਰਵਾਏ ਗਏ 7 ਨਸ਼ੇ ਦੇ ਆਦੀ ਨੌਜਵਾਨ ਬੀਤੀ ਅੱਧੀ ਰਾਤ ਨੂੰ ਫਰਾਰ ਹੋ ਗਏ।
ਇਸ ਦੌਰਾਨ 2 ਨੌਜਵਾਨ ਮੁਹੰਮਦ ਇਮਰਾਨ,ਮੁਹੰਮਦ ਮੁਨੀਰ ਵਾਸੀ ਮਾਲੇਰਕੋਟਲਾ ਨੂੰ ਤਾਂ ਦੇਰ ਰਾਤ ਪੁਲਸ ਨੇ ਕਾਬੂ ਕਰ ਲਿਆ ਹੈ,ਜਦਕਿ ਬਾਕੀ 5 ਹਾਲੇ ਵੀ ਫਰਾਰ ਹਨ। ਇਸ ਘਟਨਾਂ ਨਾਲ ਨਸ਼ਾ ਛੁਡਾਊ ਕੇਂਦਰ ਦੀ ਸੁਰੱਖਿਆ ਲਈ ਤਾਇਨਾਤ ਪ੍ਰਾਈਵੇਟ ਸੁਰੱਖਿਆ ਗਾਰਡ ਸਮੇਤ ਹਸਪਤਾਲ ਅੰਦਰ ਸਥਿਤ ਪੁਲਸ ਚੌਂਕੀ ’ਚ ਤਾਇਨਾਤ ਪੁਲਸ ਮੁਲਾਜ਼ਮਾਂ ਦੀ ਕਾਰਗੁਜ਼ਾਰੀ ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਗਏ ਹਨ।
ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਹੀ ਇਸ ਨਸ਼ਾ ਛੁਡਾਊ ਕੇਂਦਰ ’ਚ ਨਸ਼ੇੜੀਆਂ ਨੂੰ ਦਾਖਲ ਕਰ ਕੇ ਨਸ਼ਾ ਛੁਡਾਉਣ ਦੀ ਇਲਾਜ ਸੁਵਿਧਾ ਸ਼ੁਰੂ ਕੀਤੀ ਗਈ ਸੀ,ਜਿਸ ਤਹਿਤ ਸਥਾਨਕ ਪੁਲਸ ਵੱਲੋਂ ਕਰੀਬ ਇਕ ਹਫਤੇ ਅੰਦਰ ਇਥੇ ਦਾਖਲ ਕਰਵਾਏੇ ਗਏ 20 ਨਸ਼ੇ ਦੇ ਆਦੀ ਨੌਜਵਾਨਾਂ ਨੂੰ 10-10 ਦੇ 2 ਗਰੁੱਪਾਂ ’ਚ ਦੋ ਵਾਰਡਾਂ ਅੰਦਰ ਰੱਖ ਕੇ ਇਲਾਜ ਕੀਤਾ ਜਾ ਰਿਹਾ ਸੀ।
ਬੀਤੀ ਰਾਤ ਡੇਢ-ਦੋ ਵਜੇ ਕਰੀਬ ਵਰ੍ਹਦੇ ਮੀਂਹ ’ਚ ਜਦੋਂ ਚਾਰੇ ਪਾਸੇ ਸੁੰਨਾਟਾ ਛਾਇਆ ਹੋਇਆ ਸੀ ਤਾਂ ਇਕ ਵਾਰਡ ਅੰਦਰਲੇ 10 ਨਸ਼ੇੜੀ ਨੌਜਵਾਨਾਂ ’ਚੋਂ 7 ਜਣੇ ਕਥਿਤ ਪਲੈਨਿੰਗ ਤਹਿਤ ਏ. ਸੀ. ਵਾਲੇ ਖਾਨੇ ’ਚ ਲੱਗੀ ਹੋਈ ਪਲਾਈ ਨੂੰ ਤੋੜ ਕੇ ਵਾਰਡ ’ਚੋਂ ਬਾਹਰ ਨਿਕਲਣ ਉਪਰੰਤ ਅੱਗੇ ਪੌੜੀਆਂ ਵਾਲਾ ਜਿੰਦਾ ਤੋੜ ਕੇ ਸੈਂਟਰ ਤੋਂ ਫਰਾਰ ਹੋ ਗਏ।
ਪੁਲਸ ਨੂੰ ਜਦੋਂ ਇਸ ਦੀ ਸੂਚਨਾਂ ਮਿਲੀ ਤਾਂ ਮੌਕੇ ’ਤੇ ਪਹੁੰਚੀ ਪੁਲਸ ਨੇ ਤੁਰੰਤ ਹਰਕਤ ’ਚ ਆਉਂਦਿਆਂ ਫਰਾਰ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਫਰਾਰ ਹੋਏ ਨੌਜਵਾਨਾਂ ’ਚੋਂ 2 ਨੌਜਵਾਨਾਂ ਨੂੰ ਪੁਲਸ ਨੇ ਇਕ ਨੇੜਲੀ ਕਾਲੋਨੀ ਦੀਆਂ ਗਲੀਆਂ ’ਚ ਘੁੰਮਦੇ ਹੋਏ ਕਾਬੂ ਕਰ ਲਿਆ।
ਇਨ੍ਹਾਂ ਫਰਾਰ ਹੋਏ 7 ਨਸ਼ੇ ਦੇ ਆਦੀਆਂ ’ਚ ਮੁਹੰਮਦ ਇਮਰਾਨ, ਮੁਹੰਮਦ ਮੁਨੀਰ ਵਾਸੀਆਨ ਕਿਲਾ ਰਹਿਮਤਗੜ੍ਹ, ਮੁਹੰਮਦ ਸ਼ਕੀਲ ਵਾਸੀ ਉਸਮਾਨ ਬਸਤੀ, ਮੁਹੰਮਦ ਸੁਲੇਮਾਨ ਵਾਸੀ ਮੁਹੱਲਾ ਡੇਕਾ ਵਾਲਾ, ਬੂਟਾ ਖਾਂ ਵਾਸੀ ਨਾਭਾ ਰੋਡ ਅਬਾਸਪੁਰਾ, ਮੁਹੰਮਦ ਸ਼ਕੀਲ ਵਾਸੀ ਕੁਟੀ ਰੋਡ ਅਤੇ ਮੁਹੰਮਦ ਸਾਹਿਲ ਵਾਸੀ ਮੁਹੱਲਾ ਸਾਦੇਵਾਲਾ ਮਾਲੇਰਕੋਟਲਾ ਸ਼ਾਮਲ ਹਨ।
ਇਸ ਸਬੰਧੀ ਨਸ਼ਾ ਛੁਡਾਊ ਕੇਂਦਰ ਦੇ ਇੰਚਾਰਜ ਡਾਕਟਰ ਅਸ਼ੋਕ ਕੁਮਾਰ ਨੇ ਕਿਹਾ ਕਿ ਇਥੇ ਨਸ਼ੇ ਦੇ ਆਦੀ ਲੋਕਾਂ ਨੂੰ ਦਾਖਲ ਕਰ ਕੇ ਇਲਾਜ ਕਰਨ ਦੀ ਸੁਵਿਧਾ ਹਾਲੇ ਕੁਝ ਦਿਨ ਪਹਿਲਾਂ ਹੀ ਸ਼ੁਰੂ ਕੀਤੀ ਗਈ ਹੈ, ਜਿਸ ਕਾਰਨ ਹਾਲੇ ਇਥੇ ਕਥਿਤ ਕੁਝ ਕਮੀਆਂ ਹਨ, ਜਿਨ੍ਹਾਂ ਨੂੰ ਦੂਰ ਕੀਤਾ ਜਾ ਰਿਹਾ ਹੈ। ਰਾਤ ਦੀ ਘਟਨਾਂ ਸਬੰਧੀ ਉਨ੍ਹਾਂ ਕਿਹਾ ਕਿ ਪੂਰਾ ਮਾਮਲਾ ਵਿਭਾਗ ਦੇ ਉਚ ਅਧਿਕਾਰੀਆਂ ਦੇ ਧਿਆਨ ’ਚ ਲਿਆ ਦਿੱਤਾ ਹੈ ਅਤੇ ਜਾਂਚ ਚੱਲ ਰਹੀ ਹੈ।
Read More : ਕਰਾਚੀ ਜੇਲ੍ਹ ਤੋਂ 200 ਤੋਂ ਵੱਧ ਕੈਦੀ ਭੱਜੇ