ਸੁਖਵੀਰ ਕੌਰ ਨੇ ਮਾਊਂਟ ਅਮਾ ਡਬਲਾਮ ਚੋਟੀ ਫ਼ਤਿਹ ਕਰਕੇ ਰਚਿਆ ਇਤਿਹਾਸ
ਪਟਿਆਲਾ, 20 ਅਪ੍ਰੈਲ : ਪਟਿਆਲਾ ਜ਼ਿਲ੍ਹੇ ਦੇ ਪਿੰਡ ਚਹਿਲ ਦੀ ਜੰਮਪਲ ਅਤੇ ਮੌਜੂਦਾ ਸਮੇਂ ਸਿਡਨੀ (ਆਸਟ੍ਰੇਲੀਆ) ‘ਚ ਰਹਿ ਰਹੀ ਸੁਖਵੀਰ ਕੌਰ (ਸੁੱਖੀ ਬੱਲ) ਨੇ ਆਪਣੀ ਮਿਹਨਤ ਅਤੇ ਹੌਸਲੇ ਸਦਕਾ ਇੱਕ ਇਤਿਹਾਸਕ ਪ੍ਰਾਪਤੀ ਦਰਜ ਕੀਤੀ ਹੈ। ਸੁੱਖੀ ਬੱਲ ਨੇ ਪੂਰਬੀ ਨੇਪਾਲ ਦੀ ਹਿਮਾਲੀਅਨ ਰੇਂਜ ਵਿੱਚ ਸਥਿਤ 6812 ਮੀਟਰ (22,350 ਫ਼ੁੱਟ) ਉੱਚੀ ‘ਮਾਊਂਟ ਅਮਾ ਡਬਲਾਮ’ ਚੋਟੀ ਨੂੰ ਫ਼ਤਿਹ ਕੀਤਾ ਹੈ। ਇਸ ਪ੍ਰਾਪਤੀ ਨਾਲ ਉਹ ਅਮਾ ਡਬਲਾਮ ਸਰ ਕਰਨ ਵਾਲੀ ਪਹਿਲੀ ਪੰਜਾਬਣ ਅਤੇ ਭਾਰਤ ਦੀ ਛੇਵੀਂ ਮਹਿਲਾ ਬਣ ਗਈ ਹੈ।
ਸੁਖਵੀਰ ਕੌਰ ਨੇ ਬੀਤੀ 15 ਅਪ੍ਰੈਲ 2026 ਨੂੰ ਇਸ ਚੋਟੀ ‘ਤੇ ਸਫ਼ਲਤਾਪੂਰਵਕ ਚੜ੍ਹਾਈ ਕੀਤੀ। ਇਸ ਮੁਹਿੰਮ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਕਰੀਬ 21 ਦਿਨ ਦਾ ਸਮਾਂ ਲੱਗਿਆ ਅਤੇ ਇਸ ਵਿੱਚ ਉਨ੍ਹਾਂ ਨੂੰ ਗਾਈਡ ਸਾਂਗੇ ਸ਼ੇਰਪਾ ਦੀ ਟੀਮ ਦਾ ਵਿਸ਼ੇਸ਼ ਸਹਿਯੋਗ ਪ੍ਰਾਪਤ ਹੋਇਆ।
ਇੱਕ ਉੱਘੀ ਅਥਲੀਟ ਅਤੇ ਥਿਏਟਰ ਅਦਾਕਾਰਾ ਵਜੋਂ ਜਾਣੀ ਜਾਂਦੀ ਸੁੱਖੀ ਬੱਲ ਨੇ ਚੋਟੀ ‘ਤੇ ਪਹੁੰਚ ਕੇ ਚਿੱਟੀ ਚੁੰਨੀ ਲਹਿਰਾਈ। ਇਸ ਭਾਵੁਕ ਪਲ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ, “ਇਹ ਚੁੰਨੀ ਮੇਰੇ ਪੰਜਾਬ ਦੀ ਨਿਸ਼ਾਨੀ ਹੈ। ਮੈਂ ਪੰਜਾਬ ਵਿੱਚ ਜੰਮੀ ਹਾਂ, ਮੇਰਾ ਦਿਲ ਹਮੇਸ਼ਾ ਪੰਜਾਬ ਵਿੱਚ ਹੀ ਰਹੇਗਾ, ਭਾਵੇਂ ਮੈਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਵਸਦੀ ਹੋਵਾਂ। ਚਿੱਟੀ ਬਰਫ਼ ਵਿੱਚ ਲਹਿਰਾਈ ਇਹ ਚਿੱਟੀ ਚੁੰਨੀ ਸਾਰੀ ਦੁਨੀਆ ਲਈ ਸ਼ਾਂਤੀ ਦਾ ਪ੍ਰਤੀਕ ਹੈ।”
ਸੁੱਖੀ ਬੱਲ ਨੇ ਆਪਣੀ ਇਹ ਕਾਮਯਾਬੀ ਆਪਣੇ ਪੰਜਾਬ, ਪੰਜਾਬੀਅਤ ਅਤੇ ਦੁਨੀਆ ਭਰ ਦੀਆਂ ਔਰਤਾਂ ਨੂੰ ਸਮਰਪਿਤ ਕੀਤੀ ਹੈ। ਉਨ੍ਹਾਂ ਦੀ ਇਸ ਸ਼ਾਨਦਾਰ ਪ੍ਰਾਪਤੀ ‘ਤੇ ਪੂਰੇ ਪੰਜਾਬ ਵਿੱਚ ਖੁਸ਼ੀ ਦੀ ਲਹਿਰ ਹੈ।
Read More : PBKS ਬਨਾਮ LSG : ਪੰਜਾਬ ਕਿੰਗਜ਼ ਦਾ ਜੇਤੂ ਸਫ਼ਰ ਜਾਰੀ
