ਪੁਲਸ ਨੇ ਪਤੀ-ਪਤਨੀ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਸ਼ੁਰੁ
ਨਵਾਂਸ਼ਹਿਰ, 25 ਅਕਤੂਬਰ :-ਬਿਨਾਂ ਮਲਕੀਅਤ 100 ਏਕੜ ਜ਼ਮੀਨ ਦਾ ਸੌਦਾ ਕਰ ਕੇ 50 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਪੁਲਸ ਨੇ ਇਕ ਜੋੜੇ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ।
ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ’ਚ ਹਰੀ ਮੋਹਨ ਸ਼ਰਮਾ ਪੁੱਤਰ ਜੈ ਕਰਨ ਸ਼ਰਮਾ ਨਿਵਾਸੀ ਪਿੰਡ ਸੰਭਾਲਕੀ ਥਾਣਾ ਸੋਹਾਣਾ ਤਹਸੀਲ ਅਤੇ ਜ਼ਿਲਾ ਐੱਸ. ਏ . ਐੱਸ. ਨਗਰ ਨੇ ਦੱਸਿਆ ਕਿ ਉਸ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਦੇ ਬਲਾਚੌਰ ਅਧੀਨ ਪੈਂਦੇ ਪਿੰਡ ਟਕਾਰਲਾ ’ਚ 100 ਏਕੜ ਜ਼ਮੀਨ ਦਾ ਸੌਦਾ ਪ੍ਰਵੀਨ ਕੁਮਾਰ ਪੁੱਤਰ ਦੁਰਗਾ ਦਾਸ ਨਾਲ 3.40 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕੀਤਾ ਸੀ ਅਤੇ 50 ਲੱਖ ਰੁਪਏ ਬਿਆਨੇ ਵਜੋਂ ਦਿੱਤੇ ਸਨ। ਇਸ ਰਕਮ ’ਚੋਂ 40 ਲੱਖ ਰੁਪਏ ਪ੍ਰਵੀਨ ਕੁਮਾਰ ਨੂੰ ਅਤੇ 10 ਲੱਖ ਰੁਪਏ ਉਸ ਦੀ ਪਤਨੀ ਨਿਰਮਲ ਦੇ ਬੈਂਕ ਖਾਤੇ ’ਚ ਟ੍ਰਾਂਸਫਰ ਕੀਤੇ ਸਨ।
ਉਸ ਨੇ ਦੱਸਿਆ ਕਿ ਰਜਿਸਟਰੀ ਕਰਾਉਣ ਦੀ ਮਿਤੀ 7 ਅਕਤੂਬਰ, 2014 ਨਿਰਧਾਰਤ ਕੀਤੀ ਗਈ ਸੀ ਪਰ ਪ੍ਰਵੀਨ ਕੁਮਾਰ ਨੇ ਨਿਰਧਾਰਤ ਮਿਤੀ ’ਤੇ ਰਜਿਸਟਰੀ ਨਹੀਂ ਕਰਵਾਈ ਅਤੇ ਉਸ ਨੂੰ ਝੂਠੇ ਭਰੋਸੇ ਦਿੰਦੇ ਰਹੇ। ਪ੍ਰਵੀਨ ਕੁਮਾਰ ਨੇ ਨਾ ਤਾਂ ਰਜਿਸਟਰੀ ਕਰਵਾਈ ਅਤੇ ਨਾ ਹੀ ਪੈਸੇ ਵਾਪਸ ਕੀਤੇ। ਉਸ ਨੇ ਕਿਹਾ ਕਿ ਪੈਸੇ ਵਾਪਸ ਕਰਨ ਦੀ ਬਜਾਏ, ਉਸ ਨੂੰ ਧਮਕੀ ਦਿੱਤੀ ਜਾ ਰਹੀ ਹੈ।
ਉਸ ਨੇ ਕਿਹਾ ਕਿ ਜਦੋਂ ਉਸ ਨੇ ਮਾਲ ਵਿਭਾਗ ਤੋਂ ਜਾਣਕਾਰੀ ਪ੍ਰਾਪਤ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਪ੍ਰਵੀਨ ਕੁਮਾਰ ਉਕਤ ਜ਼ਮੀਨ ਦਾ ਮਾਲਕ ਨਹੀਂ ਸੀ ਅਤੇ ਉਸ ਨੇ ਉਸ ਜ਼ਮੀਨ ਨੂੰ ਬਿਨਾਂ ਮਲਕੀਅਤ ਸੌਦਾ ਤੈਅ ਕਰ ਕੇ ਉਸ ਨਾਲ 50 ਲੱਖ ਰੁਪਏ ਦੀ ਠੱਗੀ ਮਾਰੀ ਹੈ। ਐੱਸ. ਐੱਸ. ਪੀ. ਕੋਲ ਦਰਜ ਸ਼ਿਕਾਇਤ ’ਚ ਉਸ ਨੇ ਆਪਣੇ ਪੈਸੇ ਵਾਪਸ ਕਰਨ ਅਤੇ ਮੁਲਜ਼ਮਾਂ ਵਿਰੁੱਧ ਢੁਕਵੀਂ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।
ਡੀ. ਐੱਸ. ਪੀ. ਪੱਧਰ ਦੇ ਅਧਿਕਾਰੀ ਵੱਲੋਂ ਉਕਤ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਪੇਸ਼ ਕੀਤੀ ਗਈ ਜਾਂਚ ਰਿਪੋਰਟ ਦੇ ਆਧਾਰ ’ਤੇ ਥਾਣਾ ਸਿਟੀ ਬਲਾਚੌਰ ਦੀ ਪੁਲਸ ਨੇ ਮੁਲਜ਼ਮ ਪ੍ਰਵੀਨ ਕੁਮਾਰ ਪੁੱਤਰ ਦੁਰਗਾ ਦਾਸ ਅਤੇ ਉਸ ਦੀ ਪਤਨੀ ਨਿਰਮਲ ਵਾਸੀ ਪਿੰਡ ਟਕਾਰਲਾ (ਬਲਾਚੌਰ) ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Read More : ਪੰਜਾਬੀ ਗਾਇਕ ਗੁਲਾਬ ਸਿੱਧੂ ਨੇ ਸਰਪੰਚਾਂ ਤੋਂ ਹੱਥ ਜੋੜ ਕੇ ਮੁਆਫੀ ਮੰਗੀ
