ਪੰਜਾਬ ਪੁਲਸ ਨੇ ਸਰਹੱਦ ਪਾਰੋ ਹਥਿਆਰ ਅਤੇ ਨਸ਼ਾ ਸਮੱਗਲਿੰਗ ਨੈੱਟਵਰਕ ਦਾ ਪਰਦਾਫਾਸ਼-ਡੀਜੀਪੀ
ਅੰਮ੍ਰਿਤਸਰ, 2 ਅਕਤੂਬਰ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇਕ ਨਾਬਾਲਿਗ ਸਮੇਤ 5 ਸਮੱਗਲਰਾਂ ਨੂੰ 12 ਆਧੁਨਿਕ 30 ਬੋਰ ਪਿਸਤੌਲਾਂ ਅਤੇ 1.5 ਕਿਲੋਗ੍ਰਾਮ ਹੈਰੋਇਨ ਨਾਲ ਗ੍ਰਿਫਤਾਰ ਕਰ ਕੇ ਪਾਕਿਸਤਾਨ ਨਾਲ ਜੁੜੇ ਸਰਹੱਦ ਪਾਰ ਦੇ ਹਥਿਆਰ ਅਤੇ ਨਸ਼ਾ ਸਮੱਗਲਿੰਗ ਨੈੱਟਵਰਕ ਨੂੰ ਬੇਅਸਰ ਕਰ ਦਿੱਤਾ ਹੈ ।
ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਦੱਸਿਆ ਕਿ ਗਿ੍ਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਜੋਬਨ ਸਿੰਘ (22), ਕਰਨਦੀਪ ਸਿੰਘ ਉਰਫ ਪੰਡਿਤ (19) ਅਤੇ ਅਜੈਪਾਲ ਸਿੰਘ (18), ਤਿੰਨੋਂ ਵਾਸੀ ਪਿੰਡ ਮਾੜੀ ਮੇਘਾ, ਤਰਨਤਾਰਨ ; ਅੰਮ੍ਰਿਤਸਰ ਦੇ ਪਿੰਡ ਰਣੀਆ ਦਾ ਜਸ਼ਨਪ੍ਰੀਤ ਸਿੰਘ (18) ਅਤੇ 16 ਸਾਲਾ ਨਾਬਾਲਗ ਵਜੋਂ ਹੋਈ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗਿ੍ਫਤਾਰ ਕੀਤੇ ਗਏ ਮੁਲਜਮ ਜੋਬਨ ਸਿੰਘ ਅਤੇ ਜਸ਼ਨਪ੍ਰੀਤ ਸਿੰਘ, ਪਾਕਿਸਤਾਨ ਸਥਿਤ ਤਸਕਰਾਂ ਦੇ ਸਿੱਧੇ ਸੰਪਰਕ ਵਿੱਚ ਸਨ ਅਤੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਪ੍ਰਾਪਤ ਕਰਨ ਅਤੇ ਪਹੁੰਚਾਉਣ ਲਈ ਸੋਸ਼ਲ ਮੀਡੀਆ ਰਾਹੀਂ ਸੰਚਾਰ ਕਰ ਰਹੇ ਸਨ। ਉਨਾਂ ਕਿਹਾ ਕਿ ਹਥਿਆਰਾਂ ਦੀਆਂ ਇਹ ਖੇਪਾਂ ਪੰਜਾਬ ਵਿੱਚ ਅੰਤਰ-ਗੈਂਗ ਦਸ਼ਮਣੀਆਂ ਨੂੰ ਹਵਾ ਦੇਣ ਲਈ ਵਰਤੀਆਂ ਜਾਣੀਆਂ ਸਨ। ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪੂਰੇ ਗਠਜੋੜ ਦਾ ਪਰਦਾਫਾਸ਼ ਕੀਤਾ ਜਾ ਸਕੇ।
ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਗੇਟ ਹਕੀਮਾ ਖੇਤਰ ਵਿੱਚ ਲਗਾਏ ਇੱਕ ਨਾਕੇ ਤੇ ਪੁਲਿਸ ਟੀਮਾਂ ਨੇ ਸ਼ੱਕੀ ਜੋਬਨ ਸਿੰਘ, ਕਰਨਦੀਪ ਸਿੰਘ ਉਰਫ ਪੰਡਿਤ ਅਤੇ ਅਜੈਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਅਤੇ ਉਨਾਂਦੇ ਕਬਜੇ ਚੋਂ ਪੰਜ .30 ਬੋਰ ਪਿਸਤੌਲ ਬਰਾਮਦ ਕੀਤੇ। ਗ੍ਰਿਫਤਾਰ ਤਿੰਨੇ ਮੁਲਜਮ ਇਕੋ ਪਿੰਡ ਮਾੜੀ ਮੇਘਾ, ਜੋ ਕਿ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਸਥਿਤ ਹੈ, ਦੇ ਰਹਿਣ ਵਾਲੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਥਿਤ ਤਸਕਰ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਸੁੱਟਣ ਲਈ ਡਰੋਨ ਦੀ ਵਰਤੋਂ ਕਰਦੇ ਸਨ।
ਸੀਪੀ ਨੇ ਕਿਹਾ ਕਿ ਖੁਲਾਸਿਆਂ ਦੇ ਆਧਾਰ ‘ਤੇ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਜੋਬਨ ਸਿੰਘ ਦੇ ਸਾਥੀਆਂ – ਜਸ਼ਨਪ੍ਰੀਤ ਸਿੰਘ ਅਤੇ ਇੱਕ ਨਾਬਾਲਗ – ਨੂੰ ਨਾਮਜ਼ਦ ਕਰਕੇ ਸੱਤ ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ ਗਿਆ । ਜੋਬਨ ਸਿੰਘ ਤੋਂ ਲਗਾਤਾਰ ਪੁੱਛਗਿੱਛ ਕਰਨ ‘ਤੇ, ਉਸ ਵੱਲੋਂ ਛੁਪਾ ਕੇ ਰੱਖੀ ਹੋਈ 1.5 ਕਿਲੋ ਹੈਰੋਇਨ ਦੀ ਖੇਪ ਬਾਰੇ ਵੀ ਖੁਲਾਸਾ ਹੋਇਆ, ਜੋ ਕਿ ਉਸ ਦੁਆਰਾ ਦੱਸੇ ਗਏ ਟਿਕਾਣੇ ਤੋਂ ਬਰਾਮਦ ਕਰ ਲਈ ਗਈ।
ਇਸ ਸਬੰਧ ਵਿਚ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਗੇਟ ਹਕੀਮਾ ਵਿਖੇ ਅਸਲਾ ਐਕਟ ਦੀ ਧਾਰਾ 25 ਅਤੇ ਐਨਡੀਪੀਐਸ ਐਕਟ ਦੀ ਧਾਰਾ 21-ਸੀ ਅਤੇ 29 ਤਹਿਤ ਐਫਆਈਆਰ ਨੰਬਰ 269 ਮਿਤੀ 28-09-2025 ਕੇਸ ਦਰਜ ਕੀਤਾ ਗਿਆ ਹੈ।
Read More : ਨਸ਼ੇ ਦੀ ਓਵਰਡੋਜ਼ ਕਾਰਨ ਤਿੰਨ ਨੌਜਵਾਨਾਂ ਲਈ ਗਈ ਜਾਨ
