ਨਵਾਂਸ਼ਹਿਰ

ਵਪਾਰ ਮੰਡਲ ਦੇ ਉਪ-ਪ੍ਰਧਾਨ ਦਾ ਕਤਲ ਕਰਨ ਵਾਲੇ 5 ਗ੍ਰਿਫਤਾਰ

ਨੌਕਰਾਣੀ ਨਾਲ ਸਰੀਰਕ ਸਬੰਧ ਬਣਾਉਣ ਦਾ ਦਬਾਅ ਬਣਿਆ ਕਤਲ ਦਾ ਕਾਰਨ : ਐੱਸ. ਐੱਸ. ਪੀ.

ਨਵਾਂਸ਼ਹਿਰ, 17 ਦਸੰਬਰ : ਨਵਾਂਸ਼ਹਿਰ ਵਪਾਰ ਮੰਡਲ ਦੇ ਉਪ-ਪ੍ਰਧਾਨ ਰਵਿੰਦਰ ਸੋਬਤੀ ਦੇ ਚਰਚਿਤ ਕਤਲ ਮਾਮਲੇ ਦਾ ਪੁੁਲਸ ਨੇ ਖੁਲਾਸਾ ਕਰਦੇ ਹੋਏ ਕਤਲ ਦੇ ਦੋਸ਼ ਵਿਚ ਇਕ ਔਰਤ ਅਤੇ ਇਕ ਨਾਬਾਲਗ ਸਮੇਤ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਕਤਲ ਵਿਚ ਵਰਤੇ ਹਥਿਆਰ ਦਾਤਰ, ਦਾਤਰੀ ਸਣੇ ਇਕ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਪੁਲਸ ਨੇ ਖੁਲਾਸਾ ਕੀਤਾ ਹੈ ਕਿ ਰਵਿੰਦਰ ਸੋਬਤੀ ਵੱਲੋਂ ਆਪਣੀ ਨੌਕਰਾਣੀ ’ਤੇ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾਉਣਾ ਉਸ ਦੇ ਕਤਲ ਦਾ ਕਾਰਨ ਬਣਿਆ।

ਐੱਸ. ਐੱਸ. ਪੀ. ਤੁਸ਼ਾਰ ਗੁਪਤਾ ਨੇ ਦੱਸਿਆ ਕਿ 12 ਦਸੰਬਰ ਨੂੰ ਮ੍ਰਿਤਕ ਦੇ ਪੁੱਤਰ ਸੁਮਿਤ ਸੋਬਤੀ ਨੇ ਥਾਣਾ ਨਵਾਂਸ਼ਹਿਰ ਸਿਟੀ ਨੂੰ ਸੂਚਿਤ ਕੀਤਾ ਕਿ ਉਸ ਦਾ ਪਿਤਾ ਰਵਿੰਦਰ ਸੋਬਤੀ ਸ਼ਾਮ 6 ਵਜੇ ਦੇ ਕਰੀਬ ਉਨ੍ਹਾਂ ਦੇ ਘਰ ਕੰਮ ਕਰਨ ਵਾਲੀ ਨੌਕਰਾਣੀ ਨੂੰ ਲੈਣ ਗਿਆ ਸੀ ਪਰ ਰਾਤ 9 ਵਜੇ ਤੱਕ ਵਾਪਸ ਨਹੀਂ ਆਇਆ ਅਤੇ ਉਸ ਦੇ ਫੋਨ ਦਾ ਜਵਾਬ ਨਹੀਂ ਦੇ ਰਿਹਾ ਸੀ। ਉਨ੍ਹਾਂ ਕਿਹਾ ਕਿ ਨਵਾਂਸ਼ਹਿਰ ਸਬ-ਡਵੀਜ਼ਨ ਦੇ ਡੀ. ਐੱਸ. ਪੀ. ਨੇ ਰਵਿੰਦਰ ਸੋਬਤੀ ਦੇ ਫੋਨ ਦੀ ਲੋਕੇਸ਼ਨ ਦਾ ਪਤਾ ਲਗਾਇਆ, ਜੋ ਕਿ ਬਲਾਚੌਰ ਵਿਚ ਦਿਖਾਈ ਦੇ ਰਿਹਾ ਸੀ।

ਡੀ. ਐੱਸ. ਪੀ. ਨੇ ਬਲਾਚੌਰ ਸਿਟੀ ਦੇ ਐੱਸ. ਐੱਚ. ਓ. ਨਾਲ ਤਾਲਮੇਲ ਕੀਤਾ ਅਤੇ ਬਲਾਚੌਰ ਪੁਲਸ ਨੂੰ ਉਸ ਲੋਕੇਸ਼ਨ ’ਤੇ ਭੇਜਿਆ ਅਤੇ ਸੁਮਿਤ ਸੋਬਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਖੁਦ ਵੀ ਉੱਥੇ ਗਏ। ਉੱਥੇ ਰਵਿੰਦਰ ਸੋਬਤੀ ਦੀ ਕਾਰ ਖੜ੍ਹੀ ਮਿਲੀ ਅਤੇ ਉਸ ਦੀ ਅੱਧ ਸੜੀ ਲਾਸ਼ ਕਾਰ ਦੇ ਅੰਦਰ ਪਈ ਸੀ।

ਇਸ ਤੋਂ ਬਾਅਦ ਪੁਲਸ ਨੇ ਬਲਾਚੌਰ ਥਾਣਾ ਸਿਟੀ ਵਿਚ ਕਤਲ ਦਾ ਕੇਸ ਦਰਜ ਕੀਤਾ, ਵੱਖ-ਵੱਖ ਟੀਮਾਂ ਬਣਾਈਆਂ ਅਤੇ ਤੁਰੰਤ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਟੀਮਾਂ ਨੇ ਤੁਰੰਤ ਵਿਗਿਆਨਕ ਅਤੇ ਤਕਨੀਕੀ ਜਾਂਚ ਸ਼ੁਰੂ ਕੀਤੀ ਅਤੇ ਮੁਲਜ਼ਮ ਸੁਰਜੀਤ ਸਿੰਘ ਉਰਫ ਜੱਸੀ ਵਾਸੀ ਪਿੰਡ ਪੁੰਨੂ ਮਜਾਰਾ, ਚਰਨਜੀਤ ਸਿੰਘ ਉਰਫ ਮਨੀ ਪੁੱਤਰ ਰਘਵੀਰ ਸਿੰਘ, ਸੋਨਮ ਦੇਵੀ ਪਤਨੀ ਲਵਕੁਸ਼ ਉਰਫ ਲਵਦਾਸ ਵਾਸੀ ਨੇੜੇ ਆਹਲੂਵਾਲੀਆ ਫਾਰਮ, ਮਹਾਲੋ ਤੇ ਕਤਲ ਵਿਚ ਸ਼ਾਮਲ ਇਕ ਨਾਬਾਲਗ ਨੂੰ ਗ੍ਰਿਫਤਾਰ ਕਰ ਲਿਆ।

ਐੱਸ. ਐੱਸ. ਪੀ. ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮਾਂ ਤੋਂ ਪਤਾ ਲੱਗਿਆ ਕਿ ਸੋਨਮ, ਜਿਸ ਨੂੰ ਰਵਿੰਦਰ ਸੋਬਤੀ ਨੇ ਇਕ ਮਹੀਨਾ ਪਹਿਲਾਂ ਆਪਣੇ ਘਰ ਵਿਚ ਕੰਮ ਲਈ ਰੱਖਿਆ ਸੀ, ’ਤੇ ਪਿਛਲੇ ਕੁਝ ਦਿਨਾਂ ਤੋਂ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾ ਰਿਹਾ ਸੀ। ਸੋਨਮ ਨੇ ਇਸ ਬਾਰੇ ਆਪਣੇ ਜੀਜੇ ਸੁਰਜੀਤ ਸਿੰਘ ਨੂੰ ਦੱਸਿਆ, ਜੋ ਰਵਿੰਦਰ ਸੋਬਤੀ ਦੀ ਇਮਾਰਤ ਵਿਚ ਕਿਰਾਏਦਾਰ ਵਜੋਂ ਰਹਿੰਦਾ ਸੀ।

ਪੁਲਸ ਮੁਖੀ ਨੇ ਦੱਸਿਆ ਕਿ ਉਸ ਦੇ ਜੀਜੇ ਨੇ ਰਵਿੰਦਰ ਸੋਬਤੀ ਨਾਲ ਰਾਤ ਨੂੰ ਆਪਣੀ ਸਾਲੀ ਨਾਲ ਛੇੜਛਾੜ ਕਰਨ ਬਾਰੇ ਗੱਲ ਕੀਤੀ ਸੀ, ਜਿਸ ’ਤੇ ਸੋਬਤੀ ਨੇ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਉਸ ਨੂੰ ਘਰ ਖਾਲੀ ਕਰਨ ਲਈ ਕਿਹਾ ਅਤੇ ਗਾਲੀ-ਗਲੌਚ ਕੀਤਾ। ਇਸੇ ਰੰਜਿਸ਼ ਤਹਿਤ ਸੁਰਜੀਤ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਰਵਿੰਦਰ ਸੋਬਤੀ ਦਾ ਕਤਲ ਕਰਨ ਦੀ ਯੋਜਨਾ ਬਣਾਈ।

ਉਸ ਨੇ ਆਪਣੀ ਸਾਲੀ ਸੋਨਮ ਵਲੋਂ ਰਵਿੰਦਰ ਸੋਬਤੀ ਨੂੰ ਰੇਲਵੇ ਕਰਾਸਿੰਗ ਦੇ ਨੇੜੇ ਅੰਡਰਪਾਸ ’ਤੇ ਬੁਲਾਇਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ। ਇਸ ਨੂੰ ਹਾਦਸੇ ਦਾ ਰੂਪ ਦੇਣ ਲਈ ਉਨ੍ਹਾਂ ਨੇ ਲਾਸ਼ ਨੂੰ ਉਸ ਦੀ ਕਾਰ ਵਿਚ ਪਾ ਕੇ ਬਲਾਚੌਰ ਦੇ ਇਕ ਸੁੰਨਸਾਨ ਇਲਾਕੇ ਵਿਚ ਲਿਜਾ ਕੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ 4 ਮੁਲਜ਼ਮਾਂ ਨੂੰ ਜੇਲ ਭੇਜ ਦਿੱਤਾ ਗਿਆ ਹੈ।

Read More : ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਗੜ੍ਹੀ ਨੇ ਕੇਜਰੀਵਾਲ ਨਾਲ ਕੀਤੀ ਮੁਲਾਕਾਤ

Leave a Reply

Your email address will not be published. Required fields are marked *