ਬਠਿੰਡਾ, 3 ਅਗਸਤ : ਬਠਿੰਡਾ ’ਚ ਹਥਿਆਰਾਂ ਦੇ ਸ਼ੌਕੀਨਾਂ ਨੇ ਪਿਛਲੇ 8 ਸਾਲਾਂ ’ਚ ਹਥਿਆਰਾਂ ਦੇ ਲਾਇਸੈਂਸ ਪ੍ਰਾਪਤ ਕਰਨ ਲਈ ਡੋਪ ਟੈਸਟਾਂ ’ਤੇ 5.5 ਕਰੋੜ ਖਰਚ ਕੀਤੇ ਹਨ। ਉਪਰੋਕਤ ਖੁਲਾਸਾ ਜਾਗੋ ਗ੍ਰਾਹਕ ਦੇ ਸਕੱਤਰ ਅਤੇ ਆਰ. ਟੀ. ਆਈ. ਕਾਰਕੁੰਨ ਸੰਜੀਵ ਗੋਇਲ ਵੱਲੋਂ ਆਰ. ਟੀ. ਆਈ. ਅਧੀਨ ਪ੍ਰਾਪਤ ਜਾਣਕਾਰੀ ਵਿਚ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਪੰਜਾਬ ਵਿਚ ਹਥਿਆਰਾਂ ਦੇ ਲਾਇਸੈਂਸ ਪ੍ਰਾਪਤ ਕਰਨ ਲਈ ਡੋਪ ਟੈਸਟ ਲਾਜ਼ਮੀ ਕੀਤਾ ਗਿਆ ਸੀ ਤਾਂ ਜੋ ਹਥਿਆਰਾਂ ਦੇ ਲਾਇਸੈਂਸ ਲਈ ਅਰਜ਼ੀ ਦੇਣ ਵਾਲਿਆਂ ਦੀ ਪਛਾਣ ਕੀਤੀ ਜਾ ਸਕੇ ਕਿ ਨਸ਼ੇ ਵਾਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਕੌਣ ਹਨ। ਡੋਪ ਟੈਸਟ ਦੀ ਫੀਸ ਪ੍ਰਤੀ ਟੈਸਟ 1500 ਰੁਪਏ ਨਿਰਧਾਰਤ ਕੀਤੀ ਗਈ ਸੀ।
ਜਾਣਕਾਰੀ ਅਨੁਸਾਰ ਬਠਿੰਡਾ ਦੇ ਵਸਨੀਕਾਂ ਨੇ 8 ਸਾਲਾਂ ਦੌਰਾਨ ਹਥਿਆਰ ਪ੍ਰਾਪਤ ਕਰਨ ਲਈ ਕੁੱਲ 36927 ਡੋਪ ਟੈਸਟ ਕਰਵਾਏ, ਜਿਨ੍ਹਾਂ ’ਚੋਂ 32497 ਨੈਗੇਟਿਵ ਪਾਏ ਗਏ ਜਦੋਂ ਕਿ 4430 ਲੋਕਾਂ ਦੇ ਟੈਸਟ ਪਾਜ਼ੇਟਿਵ ਆਏ। ਇਸ ਤਰ੍ਹਾਂ ਬਠਿੰਡਾ ਦੇ ਹਥਿਆਰਾਂ ਦੇ ਸ਼ੌਕੀਨਾਂ ਨੇ ਪ੍ਰਤੀ ਟੈਸਟ 1500 ਰੁਪਏ ਦੀ ਦਰ ਨਾਲ ਕੀਤੇ ਗਏ ਟੈਸਟਾਂ ’ਤੇ 5,53,90,500 ਰੁਪਏ ਖਰਚ ਕੀਤੇ। ਇਨ੍ਹਾਂ ’ਚੋਂ ਕੁਝ ਟੈਸਟ ਉਹ ਵੀ ਹੋ ਸਕਦੇ ਹਨ, ਜੋ ਪੁਲਸ ਆਪਣੇ ਪੱਧਰ ’ਤੇ ਵੱਖ-ਵੱਖ ਅਪਰਾਧਿਕ ਮਾਮਲਿਆਂ ’ਚ ਕਰਦੀ ਹੈ ਪਰ ਇਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ।
Read More : ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਦਿੱਲੀ ’ਚ ਮਾਰਗਦਰਸ਼ਨ ਮਿਲਿਆ : ਸ਼ਵੇਤ ਮਲਿਕ