ਮੁੰਬਈ, 9 ਦਸੰਬਰ : ਇੰਡੀਗੋ ਦੀਆਂ ਉਡਾਣਾਂ ’ਚ ਰੁਕਾਵਟਾਂ ਮੰਗਲਵਾਰ ਅੱਠਵੇਂ ਦਿਨ ਵੀ ਜਾਰੀ ਰਹੀਆਂ। ਏਅਰਲਾਈਨ ਨੇ 6 ਹਵਾਈ ਅੱਡਿਆਂ ਤੋਂ 422 ਉਡਾਣਾਂ ਰੱਦ ਕੀਤੀਆਂ। ਕੁੱਲ 422 ਉਡਾਣਾਂ ’ਚੋਂ ਦਿੱਲੀ ਹਵਾਈ ਅੱਡੇ ਤੋਂ 152 ਤੇ ਬੈਂਗਲੁਰੂ ਤੋਂ 121 ਉਡਾਣਾਂ ਰੱਦ ਕੀਤੀਆਂ ਗਈਆਂ।
ਸੂਤਰਾਂ ਨੇ ਦੱਸਿਆ ਕਿ ਹੈਦਰਾਬਾਦ ’ਚ ਇੰਡੀਗੋ ਦੀਆਂ 58 ਉਡਾਣਾਂ ਰੱਦ ਕਰਨੀਆਂ ਪਈਆਂ, ਜਦੋਂ ਕਿ ਮੁੰਬਈ ’ਚ 41 ਰੱਦ ਕੀਤੀਆਂ ਗਈਆਂ। ਇੰਡੀਗੋ ਨੇ ਚੇਨਈ ਹਵਾਈ ਅੱਡੇ ਤੋਂ 50 ਤੋਂ ਵੱਧ ਉਡਾਣਾਂ ਰੱਦ ਕੀਤੀਆਂ।
ਇਸ ਦੌਰਾਨ ਸਰਕਾਰ ਨੇ ਸਰਦੀਆਂ ਦੇ ਸ਼ਡਿਊਲ ਦੌਰਾਨ ਇੰਡੀਗੋ ਦੇ ਫਲਾਈਟ ਆਪਰੇਸ਼ਨ ’ਚ 5 ਫੀਸਦੀ ਦੀ ਕਟੌਤੀ ਦਾ ਐਲਾਨ ਕੀਤਾ ਹੈ। ਏਅਰਲਾਈਨ ਵੱਲੋਂ ਪ੍ਰਵਾਨਿਤ ਸ਼ਡਿਊਲ ਅਨੁਸਾਰ ਉਡਾਣਾਂ ਚਲਾਉਣ ’ਚ ਅਸਫਲ ਰਹਿਣ ਪਿੱਛੋਂ ਇਨ੍ਹਾਂ ਉਡਾਣਾਂ ਨੂੰ ਹੋਰ ਹਵਾਈ ਅੱਡਿਆਂ ਨੂੰ ਅਲਾਟ ਕਰਨ ਦਾ ਫੈਸਲਾ ਕੀਤਾ ਗਿਅਾ ਹੈ। ਗੁਰੂਗ੍ਰਾਮ-ਅਾਧਾਰਤ ਏਅਰਲਾਈਨ ਭਾਰਤ ਦੀਆਂ 65 ਫੀਸਦੀ ਤੋਂ ਵੱਧ ਘਰੇਲੂ ਉਡਾਣਾਂ ਨੂੰ ਸੰਭਾਲਦੀ ਹੈ।
ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ. ਜੀ. ਸੀ. ਏ.) ਨੇ ਦੱਸਿਅਾ ਕਿ ਇੰਡੀਗੋ ਨੇ ਸਰਦੀਆਂ ਦੇ ਸ਼ਡਿਊਲ-24 ਦੇ ਮੁਕਾਬਲੇ ਆਪਣੀਆਂ ਰਵਾਨਗੀਆਂ ’ਚ 9.66 ਫੀਸਦੀ ਤੇ ਗਰਮੀਆਂ ਦੇ ਸ਼ਡਿਊਲ-25 ਦੇ ਮੁਕਾਬਲੇ 6.05 ਫੀਸਦੀ ਦਾ ਵਾਧਾ ਕੀਤਾ ਹੈ। ਹਾਲਾਂਕਿ, ਏਅਰਲਾਈਨ ਨੇ ਇਨ੍ਹਾਂ ਸ਼ਡਿਊਲਾਂ ਨੂੰ ਸਹੀ ਢੰਗ ਨਾਲ ਚਲਾਉਣ ਦੀ ਯੋਗਤਾ ਦਾ ਪ੍ਰਦਰਸ਼ਨ ਨਹੀਂ ਕੀਤਾ ਹੈ।
ਡੀ. ਜੀ. ਸੀ. ਏ. ਨੇ ਕਿਹਾ ਕਿ ਸਾਰੇ ਖੇਤਰਾਂ ’ਚ ਉਡਾਣਾਂ ’ਚ 5 ਫੀਸਦੀ ਦੀ ਕਟੌਤੀ ਦਾ ਨਿਰਦੇਸ਼ ਦਿੱਤਾ ਗਿਆ ਹੈ। ਇੰਡੀਗੋ ਨੂੰ ਕਿਸੇ ਵੀ ਖੇਤਰ ’ਚ ਖਾਸ ਕਰ ਕੇ ਉੱਚ ਮੰਗ ਤੇ ਉੱਚ ਦਰਜੇ ਵਾਲੀਆਂ ਉਡਾਣਾਂ ’ਚ ਸਿੰਗਲ-ਫਲਾਈਟ ਓਪਰੇਸ਼ਨ ਤੋਂ ਬਚਣ ਦਾ ਨਿਰਦੇਸ਼ ਦਿੱਤਾ ਗਿਆ ਹੈ।
ਇੰਡੀਗੋ 2025-26 ਦੇ ਸਰਦੀਆਂ ਦੇ ਸ਼ਡਿਊਲ ਅਧੀਨ ਰੋਜ਼ਾਨਾ 2,200 ਤੋਂ ਵੱਧ ਉਡਾਣਾਂ ਚਲਾ ਰਹੀ ਹੈ। ਇਹ ਸ਼ਡਿਊਲ ਅਕਤੂਬਰ ਦੇ ਆਖਰੀ ਹਫ਼ਤੇ ਸ਼ੁਰੂ ਹੋਇਅਾ ਸੀ ਤੇ ਮਾਰਚ 2026 ਦੇ ਅੰਤ ਤੱਕ ਚੱਲੇਗਾ।
Read More : ਪਹਿਲਾਂ ਪਤਨੀ ਨੂੰ ਗਲਾ ਘੁੱਟ ਕੇ ਮਾਰਿਆ, ਫਿਰ ਰੇਲਗੱਡੀ ਅੱਗੇ ਕੀਤੀ ਖੁਦਕੁਸ਼ੀ
